ਬਠਿੰਡਾ, 8 ਅਗਸਤ 2020 – ਸਿੱਖਿਆ ਵਿਭਾਗ ਪੰਜਾਬ ਵੱਲ੍ਹੋਂ ਜਾਰੀ ਕੀਤੇ ਨਵੇਂ ਦਾਖਲਿਆਂ ਦੇ ਅੰਕੜਿਆਂ ਵਿੱਚ ਪ੍ਰੀ ਪ੍ਰਾਇਮਰੀ ਦਾਖਲਿਆਂ ਦੀ ਗਿਣਤੀ ਰਿਕਾਰਡ 44 ਪ੍ਰਤੀਸ਼ਤ ਤੋਂ ਪਾਰ ਹੋ ਗਈ ਹੈ, ਪਿਛਲੇ ਸਾਲ ਇਸ ਵਰਗ ‘ਚ 2,25,565 ਬੱਚੇ ਸਨ, ਹੁਣ ਇਹ ਗਿਣਤੀ ਤੇਜ਼ੀ ਨਾਲ ਵੱਧਦੀ ਹੋਈ 3,25,276 ਹੋ ਗਈ ਹੈ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ 76.90 ਪ੍ਰਤੀਸ਼ਤ ਦਾ ਸਭ ਤੋਂ ਵੱਡਾ ਵਾਧਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਇਆ ਹੈ,ਇਥੇਂ ਪਿਛਲੇ ਵਰ੍ਹੇ 4484 ਬੱਚੇ ਸਨ,ਹੁਣ ਇਹ ਗਿਣਤੀ 7932 ਹੋ ਗਈ ਹੈ,ਦੂਜੇ ਨੰਬਰ ਤੇ ਐੱਸ ਏ ਐੱਸ ਨਗਰ ਜ਼ਿਲ੍ਹੇ ਵਿੱਚ 75.19 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਥੇਂ ਪਿਛਲੇ ਵਰ੍ਹੇ 8816 ਬੱਚੇ ਸਨ,ਹੁਣ ਇਹ ਦਾਖਲਾ 15445 ਹੋ ਗਿਆ ਹੈ।
ਲੁਧਿਆਣਾ ਜ਼ਿਲ੍ਹੇ ‘ਚ 74.50 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਇਥੇ ਪਹਿਲਾ 20286 ਬੱਚੇ ਸਨ,ਹੁਣ 35400 ਬੱਚਿਆਂ ਦੀ ਗਿਣਤੀ ਹੋ ਗਈ ਹੈ। ਫਤਿਹਗੜ੍ਹ ਸਾਹਿਬ ‘ਚ 69.49,ਬਠਿੰਡਾ ‘ਚ 52.16, ਸੰਗਰੂਰ ‘ਚ 50.26 ਫਾਜਿਲਕਾ ਚ 44.34, ਫਿਰੋਜ਼ਪੁਰ ‘ਚ 42.56, ਤਰਨਤਾਰਨ ‘ਚ 41.27, ਪਠਾਨਕੋਟ ਚ 39.54,ਹੁਸ਼ਿਆਰਪੁਰ ‘ਚ 38.20,ਮੋਗਾ ‘ਚ 36.90, ਅੰਮ੍ਰਿਤਸਰ ‘ਚ 36.63,ਫਰੀਦਕੋਟ ‘ਚ 35.45,ਗੁਰਦਾਸਪੁਰ ‘ਚ 35.40, ਮੁਕਤਸਰ ‘ਚ 35.19, ਰੂਪਨਗਰ ‘ਚ 33.01, ਪਟਿਆਲਾ ‘ਚ 32.39, ਕਪੂਰਥਲਾ ‘ਚ 32.35, ਮਾਨਸਾ ‘ਚ 31.93,ਜਲੰਧਰ ‘ਚ 31.16, ਬਰਨਾਲਾ ‘ਚ 22.96 ਪ੍ਰਤੀਸ਼ਤ ਦਾ ਵਾਧਾ ਪ੍ਰੀ ਨਰਸਰੀ ਜਮਾਤਾਂ ‘ਚ ਹੋਇਆ ਹੈ।
ਪੰਜਾਬ ਸਰਕਾਰ ਵੱਲ੍ਹੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ਪ੍ਰੀ ਪ੍ਰਾਇਮਰੀ ਸਿੱਖਿਆ ਦੀ ਪਹਿਲ ਕਦਮੀਂ ਹੁਣ ਦੇਸ਼ ਭਰ ਖਿੱਚ ਦਾ ਕੇਂਦਰ ਬਣੇਗੀ।ਕੇਂਦਰ ਸਰਕਾਰ ਵੱਲ੍ਹੋਂ ਹਾਲ ਹੀ ਵਿੱਚ ਲਿਆਂਦੀ ਗਈ ਨਵੀਂ ਸਿੱਖਿਆ ਨੀਤੀ ਦੌਰਾਨ ਪ੍ਰੀ ਜਮਾਤਾਂ ਨੂੰ ਸਕੂਲਾਂ ਦੀ ਸਭ ਤੋਂ ਅਹਿਮ ਕੜੀ ਦੱਸਦਿਆਂ ਇਸ ਨੂੰ ਨਵੀਂ ਸਿੱਖਿਆ ਨੀਤੀ ਤਹਿਤ ਦੇਸ਼ ਭਰ ਵਿੱਚ 2023 ਤੱਕ ਲਾਗੂ ਕਰਨ ਲਈ ਕਿਹਾ ਗਿਆ ਹੈ। ਜਦੋਂ ਕਿ ਪੰਜਾਬ ਰਾਜ ਵਿੱਚ ਉਸ ਸਮੇਂ ਤੱਕ ਇਸ ਨੀਤੀ ਲਾਗੂ ਹੋਇਆ ਨੂੰ ਸੱਤ ਸਾਲ ਬੀਤ ਚੁੱਕੇ ਹੋਣਗੇ,ਜਿਸ ਕਾਰਨ ਸਭਨਾਂ ਰਾਜਾਂ ਦਾ ਕੇਂਦਰ ਬਿੰਦੂ ਪੰਜਾਬ ਦੀਆਂ ਪ੍ਰੀ ਪ੍ਰਾਇਮਰੀ ਜਮਾਤਾਂ ਬਣਨਗੀਆਂ।
ਪੰਜਾਬ ਸਰਕਾਰ ਵੱਲ੍ਹੋਂ 14 ਨਵੰਬਰ 2017 ਨੂੰ ਬਾਲ ਦਿਵਸ ਤੇ ਰਾਜ ਵਿੱਚ ਸ਼ੁਰੂ ਕੀਤੀਆਂ ਪ੍ਰੀ ਪ੍ਰਾਇਮਰੀ ਜਮਾਤਾਂ ਪੰਜਾਬ ਦੀ ਸਿੱਖਿਆ ਲਈ ਇਕ ਮਹੱਤਵਪੂਰਨ ਕੜੀ ਸਾਬਤ ਹੋਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲਿਆ ਇਹ ਅਹਿਮ ਨਿਰਣਾ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੀਂਹ ਨੂੰ ਮਜਬੂਤ ਕਰਨ ਵਿੱਚ ਸਭ ਤੋਂ ਵੱਧ ਕਾਰਗਰ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ।
ਪੰਜਾਬ ਸਰਕਾਰ ਵੱਲ੍ਹੋਂ ਪਿਛਲੇ ਢਾਈ ਤਿੰਨ ਸਾਲਾਂ ਵਿੱਚ ਇਸ ਅਹਿਮ ਪੜ੍ਹਾਅ ਤੇ ਗਰਾਂਟਾਂ ਦੀ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ ਗਈ।ਇਨ੍ਹਾਂ ਜਮਾਤਾਂ ਲਈ ਨਵੇਂ ਸ਼ਾਨਦਾਰ ਕਮਰੇ,ਰੰਗਦਾਰ ਫਰਨੀਚਰ, ਝੂਲੇ, ਖੇਡ ਸਾਜੋ ਸਮਾਨ ਅਤੇ ਦਿਲਚਸਪ ਪੜ੍ਹਾਈ ਦਾ ਮਟੀਰੀਅਲ ਅਤੇ ਅਧਿਆਪਕਾਂ ਦੀਆਂ ਲਗਾਤਾਰ ਹਾਈਟੈੱਕ ਟਰੇਨਿੰਗਾਂ ਅਤੇ ਉਨ੍ਹਾਂ ਵੱਲ੍ਹੋਂ ਬੱਚਿਆਂ ਦੇ ਹਾਣ ਦਾ ਬਣਕੇ ਦਿੱਤੀ ਸਿੱਖਿਆ ਹੁਣ ਸਰਕਾਰੀ ਸਕੂਲਾਂ ਦੀਆਂ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਵਰਦਾਨ ਸਾਬਤ ਹੋ ਰਹੀ ਹੈ।