ਸਰੀ -ਬੀ.ਸੀ. ਵਿਚ ਪਿਛਲੇ ਤਿੰਨ ਦਿਨਾਂ ਦੌਰਾਨ ਕੋਵਿਡ-19 ਦੇ 1,933 ਹੋਰ ਕੇਸ ਸਾਹਮਣੇ ਆਏ ਹਨ ਅਤੇ 17 ਮੌਤਾਂ ਹੋਈਆਂ ਹਨ, ਜਿਸ ਨਾਲ ਹੁਣ ਸੂਬੇ ਵਿਚ ਕੋਵਿਡ-19 ਦੇ ਕੇਸਾਂ ਦੀ ਕੁੱਲ ਗਿਣਤੀ 27,407 ਹੋ ਗਈ ਹੈ ਅਤੇ 348 ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ।ਬੀ.ਸੀ. ਦੀ ਸੂਬਾਈ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ 713, ਸ਼ਨੀਵਾਰ ਨੂੰ 626 ਅਤੇ ਐਤਵਾਰ ਨੂੰ 594 ਨਵੇਂ ਕੇਸ ਰਿਪੋਰਟ ਹੋਏ ਹਨ। ਇਸ ਸਮੇਂ ਐਕਟਿਵ ਕੇਸ 7,360 ਹਨ, 277 ਪੀੜਤ ਹਸਪਤਾਲਾਂ ਵਿਚ ਦਾਖ਼ਲ ਹਨ ਤੇ 59 ਮਰੀਜ਼ ਆਈ.ਸੀ.ਯੂ. ਵਿਚ ਹਨ।ਡਾ. ਬੌਨੀ ਹੈਨਰੀ ਨੇ ਕਿਹਾ ਕਿ ਬਹੁਤ ਸਾਰੇ ਲੋਕ ਕੋਵਿਡ-19 ਮਹਾਂਮਾਰੀ ਦੀ ਤੁਲਨਾ ਕਿਸੇ ਮੈਰਾਥਨ ਦੌੜ ਨਾਲ ਕਰ ਰਹੇ ਹਨ ਪਰ ਦੌੜ ਇਹ ਮੈਰਾਥਨ ਤੋਂ ਵੀ ਮੁਸ਼ਕਿਲ, ਆਇਰਨਮੈਨ ਮੁਕਾਬਲੇ ਵਰਗੀ ਹੈ ਜਿਸ ਵਿਚ ਦੌੜਨਾ ਵੀ ਹੈ, ਤਾਰੀ ਵੀ ਲਾਉਣੀ ਹੈ ਤੇ ਸਾਈਕਲ ਵੀ ਚਲਾਉਣਾ ਹੈ। ਉਨ੍ਹਾਂ ਕਿਹਾ ਕਿ ਬੀਸੀ ਦੇ ਲੋਕ ਪਹਿਲੀ ਦੌੜ ਤਾਂ ਪੂਰੀ ਕਰ ਗਏ ਸਨ ਪਰ ਹੁਣ ਦੂਜੇ ਗੇੜ ਦੌਰਾਨ ਇੱਕ ਪਹਾੜੀ ਚੜ੍ਹਨੀ ਹੈ ਅਤੇ ਜੇਕਰ ਇਸ ਵਿਚ ਸਫਲ ਹੋ ਗਏ ਤਾਂ ਅੱਗੇ ਪਹਾੜੀ ਤੋਂ ਉੱਤਰਦੇ ਸਮੇਂ ਬੇਹੱਦ ਸੌਖ ਰਹੇਗੀ।