ਕੈਲੇਫੋਰਨੀਆ – ਅਮਰੀਕਾ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਨੂੰ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਇੱਕ ਮਹੱਤਵਪੂਰਨ ਪਲ ਹੈ ਜਦੋਂ ਦੇਸ਼ ਇਸ ਜਾਨਲੇਵਾ ਵਾਇਰਸ ਦਾ ਸਾਹਮਣਾ ਕਰਨ ਦੇ ਨਾਲ ਤਕਰੀਬਨ 300,000 ਅਮਰੀਕੀ ਵਾਸੀਆਂ ਨੂੰ ਗਵਾ ਚੁੱਕਿਆ ਹੈ।ਇਸ ਟੀਕਾਕਰਨ ਦੀ ਸ਼ੁਰੂ ਕੀਤੀ ਪ੍ਰਕਿਰਿਆ ਦੌਰਾਨ ਨਿਊਯਾਰਕ ਵਿੱਚ ਆਈ ਸੀ ਯੂ ਦੀ ਨਰਸ ਸੈਂਡਰਾ ਲਿੰਡਸੇ,ਟੀਕੇ ਦੀ ਖ਼ੁਰਾਕ ਨੂੰ ਲੈਣ ਵਾਲੀ ਪਹਿਲੀ ਸ਼ਖ਼ਸ ਹੈ, ਜਿਸ ਨੂੰ ਕਿ ਗਵਰਨਰ ਐਂਡ੍ਰਿਊ ਕੁਓਮੋ ਨੇ ਲਾਈਵ ਸਟ੍ਰੀਮ ਕੀਤਾ। ਜਰਮਨ ਦੀ ਕੰਪਨੀ ਬਾਇਓਨਟੈਕ ਅਤੇ ਇਸ ਦੇ ਸੰਯੁਕਤ ਰਾਜ ਦੇ ਭਾਈਵਾਲ ਫਾਈਜ਼ਰ ਦੁਆਰਾ ਤਿਆਰ ਕੀਤਾ ਗਿਆ ਕੋਵਿਡ -19 ਟੀਕੇ ਨੂੰ ਸ਼ੁੱਕਰਵਾਰ ਰਾਤ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਗਿਆ ਸੀ। ਜਿਸਦੇ ਬਾਅਦ ਸਪਲਾਈ ਟਰੱਕਾਂ ਵਿੱਚ ਐਤਵਾਰ ਨੂੰ ਮਿਸ਼ੀਗਨ ਦੇ ਪੋਰਟੇਜ ਵਿੱਚੋਂ ਫਾਈਜ਼ਰ ਦੇ ਟੀਕੇ ਰਵਾਨਾ ਕੀਤੇ ਗਏ ਸਨ ਅਤੇ ਕੰਪਨੀ ਨੂੰ ਇਸ ਹਫ਼ਤੇ ਦੇ ਅੰਤ ਤੱਕ 2.9 ਮਿਲੀਅਨ ਖ਼ੁਰਾਕਾਂ ਨੂੰ 636 ਨਿਰਧਾਰਿਤ ਸਥਾਨਾਂ ਤੇ ਪਹੁੰਚਾਉਣ ਦੀ ਉਮੀਦ ਹੈ।ਸੰਯੁਕਤ ਰਾਜ ਵਿੱਚ ਟੀਕਾ ਰੋਲ ਆਊਟ ਉੱਚ ਜੋਖ਼ਮ ਵਾਲੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਹਨਾਂ ਵਿੱਚ ਹਸਪਤਾਲ ਦੇ ਕਰਮਚਾਰੀ, ਨਰਸਿੰਗ ਹੋਮ ਦੇ ਸਟਾਫ਼ ਅਤੇ ਵਸਨੀਕਾਂ ਆਦਿ ਸ਼ਾਮਲ ਹਨ ਜਦਕਿ ਇਸਦੇ ਦੂਜੇ ਪੜਾਅ ਵਿੱਚ ਕਿਸ ਨੂੰ ਪਹਿਲ ਦਿੱਤੀ ਜਾਵੇਗੀ ,ਇਹ ਅਜੇ ਸਪਸ਼ਟ ਨਹੀਂ ਹੈ।ਯੂ ਐਸ ਨੇ ਬਾਇਓਨਟੈਕ-ਫਾਈਜ਼ਰ ਟੀਕੇ ਦੀਆਂ ਘੱਟੋ ਘੱਟ 100 ਮਿਲੀਅਨ ਖ਼ੁਰਾਕਾਂ ਦਾ ਆਦੇਸ਼ ਦਿੱਤਾ ਹੈ ਜਦਕਿ ਹੋਰ 500 ਮਿਲੀਅਨ ਖ਼ਰੀਦਣ ਦੇ ਵੀ ਵਿਕਲਪ ਹਨ ਅਤੇ ਇਸ ਸਮੇਂ ਅਮਰੀਕਾ ਨੇ 800 ਮਿਲੀਅਨ ਖ਼ੁਰਾਕਾਂ ਲਈ ਅਗਾਊਂ ਆਦੇਸ਼ ਦਿੱਤੇ ਹਨ ।