ਸਰੀ – ਕੈਨੇਡਾ ਵਿਚ ਕੋਵਿਡ-19 ਵੈਕਸੀਨ ਦੀ ਪਹਿਲੀ ਸ਼ਿਪਮੈਂਟ ਪਹੁੰਚ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ ਰਾਹੀਂ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਜਿੱਥੇ ਇਹ ਇੱਕ ਵਧੀਆ ਖਬਰ ਹੈ ਉੱਥੇ ਹੀ ਵਾਇਰਸ ਖ਼ਿਲਾਫ਼ ਕੈਨੇਡੀਅਨ ਲੋਕਾਂ ਦੀ ਲੜਾਈ ਅਜੇ ਖਤਮ ਨਹੀਂ ਹੋਈ ਅਤੇ ਚੌਕਸ ਰਹਿਣ ਦੀ ਲੋੜ ਹੈ।ਫਾਈਜ਼ਰ-ਬਾਇਓਐਨਟੈਕ ਦੀ ਵੈਕਸੀਨ ਨੂੰ ਦੇਸ਼ ਭਰ ਵਿੱਚ 14 ਡਿਸਟ੍ਰੀਬਿਊਸ਼ਨ ਕੇਂਦਰਾਂ ਤੇ ਭੇਜਿਆ ਜਾ ਰਿਹਾ ਹੈ।ਕਿਊਬੈਕ ਪਹਿਲਾ ਅਜਿਹਾ ਸੂਬਾ ਹੈ ਜਿੱਥੇ ਇਹ ਟੀਕੇ ਸੋਮਵਾਰ ਤੋਂ ਲਾਉਣ ਦੀ ਸ਼ੁਰੂਆਤ ਹੋ ਗਈ ਹੈ। ਇਥੇ ਸਭ ਤੋਂ ਪਹਿਲਾਂ ਦੋ ਲੌਂਗ ਟਰਮ ਕੇਅਰ ਹੋਮਜ਼ ਵਿੱਚ ਰਹਿੰਦੇ ਬਜ਼ੁਰਗਾਂ ਨੂੰ ਇਹ ਟੀਕੇ ਲਾਏ ਜਾਣਗੇ। ਓਂਟਾਰੀਓ ਵਿੱਚ ਫਾਈਜ਼ਰ-ਬਾਇਓਐਨਟੈਕ ਵੇਕਸੀਨ ਦੀਆਂ 6,000 ਖੁਰਾਕਾਂ ਸੋਮਵਾਰ ਨੂੰ ਪਹੁੰਚ ਜਾਣ ਦਾ ਅੰਦਾਜ਼ਾ ਹੈ। ਔਟਵਾ ਅਤੇ ਟੋਰੌਂਟੋ ਦੇ ਦੋ ਹਸਪਤਾਲਾਂ ਦੇ 2,500 ਹੈਲਥ ਕੇਅਰ ਵਰਕਰਾਂ ਨੂੰ ਵੈਕਸੀਨ ਉਪਲਬਧ ਕਰਵਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਬਾਕੀ ਸੂਬਿਆਂ ਦੇ ਵਿੱਚ ਲੌਂਗ ਟਰਮ ਕੇਅਰ ਹੋਮ ਨਾਲ ਸਬੰਧਤ ਲੋਕਾਂ ਅਤੇ ਸਿਹਤ ਸੰਭਾਲ ਕਾਮਿਆਂ ਨੂੰ ਇਸ ਹਫ਼ਤੇ ਦੇ ਅਖੀਰ ਤੱਕ ਇਹ ਵੈਕਸੀਨ ਉਪਲਬਧ ਕਰਵਾਏ ਜਾਣ ਦੀ ਯੋਜਨਾ ਹੈ।ਦੂਜੇ ਪਾਸੇ ਕੈਨੇਡਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 4 ਲੱਖ 60 ਹਜ਼ਾਰ ਤੋਂ ਟੱਪ ਗਈ ਹੈ। ਇਨ੍ਹਾਂ ਵਿਚੋਂ 13431 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੈਨੇਡਾ ਵਿੱਚ ਹੁਣ ਤੱਕ 1 ਕਰੋੜ 62 ਲੱਖ 21 ਹਜ਼ਾਰ 275 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ।ਜ਼ਿਕਰਯੋਗ ਹੈ ਕਿ ਹੈਲਥ ਕੈਨੇਡਾ ਮੁਤਾਬਕ ਕੈਨੇਡਾ ਸਰਕਾਰ ਵੱਲੋਂ ਵੈਕਸੀਨ ਦੀਆਂ ਦੋ ਕਰੋੜ ਖੁਰਾਕਾਂ ਦਾ ਸੌਦਾ ਕੀਤਾ ਹੈ, ਉਸ ਵਿੱਚੋਂ ਇਸ ਮਹੀਨੇ 2,49,000 ਖੁਰਾਕਾਂ ਮਿਲ ਜਾਣਗੀਆਂ ਅਤੇ ਮਾਰਚ 2021 ਤੱਕ ਵੈਕਸੀਨ ਦੀਆਂ 40 ਲੱਖ ਖੁਰਾਕਾਂ ਪ੍ਰਾਪਤ ਕਰ ਲਈਆਂ ਇਸ ਦੇ ਨਾਲ ਹੀ ਹੈਲਥ ਕੈਨੇਡਾ ਤਿੰਨ ਹੋਰ ਟੀਕਿਆਂ ਦੀ ਸਮੀਖਿਆ ਕਰ ਰਿਹਾ ਹੈ, ਜਿਸ ਵਿਚ ਮੋਡੇਰਨਾ ਦਾ ਟੀਕਾ ਵੀ ਸ਼ਾਮਲ ਹੈ।