ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨ ਆਗੂਆਂ ਦੇ ਇਕ ਦਿਨਾਂ ਹੜਤਾਲ ਦੇ ਸਮਰਥਨ ਵਿੱਚ ਉਪਵਾਸ ਕਰ ਰਹੇ ਹਨ। ਉਨ੍ਹਾਂ ਨੇ ‘ਆਪ’ ਵਰਕਰਾਂ ਤੇ ਲੋਕਾਂ ਨੂੰ ਵੀ ਜਿਥੇ ਹਨ ਉਥੇ ਹੀ ਕਿਸਾਨਾਂ ਦੇ ਸਮਰਥਨ ਵਿੱਚ ਉਪਵਾਸ ਰੱਖਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਕਿਸਾਨੀ ਅੰਦੋਲਨ ਨੂੰ ਵੇਚ ਦਿੱਤਾ ਹੈ। ਕੇਜਰੀਵਾਲ ਨੇ ਟਵੀਟ ਕੀਤਾ, ‘‘ਕਪਤਾਨ ਜੀ, ਮੈਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਖੜਾ ਹਾਂ। ਦਿੱਲੀ ਦੇ ਸਟੇਡੀਅਮ ਜੇਲ੍ਹਾਂ ਨਹੀਂ ਬਣਨ ਦਿੱਤੇ, ਕੇਂਦਰ ਨਾਲ ਲੜਿਆ। ਮੈਂ ਉਨ੍ਹਾਂ ਦਾ ਸੇਵਾਦਾਰ ਬਣ ਕੇ ਕਿਸਾਨਾਂ ਦੀ ਸੇਵਾ ਕਰ ਰਿਹਾ ਹਾਂ। ਤੁਸੀਂ ਤਾਂ ਆਪਣੇ ਪੁੱਤਰ ਨੂੰ ਈਡੀ ਕੇਸ ‘ਚੋਂ ਮੁਆਫ਼ ਕਰਵਾਉਣ ਲਈ ‘ਸੈਟਿੰਗ’ ਕਰ ਲਈ। ਕਿਸਾਨਾਂ ਦਾ ਅੰਦੋਲਨ ਵੇਚ ਦਿੱਤਾ? ਕਿਉਂ?’’ ਦਰਅਸਲ ਅਮਰਿੰਦਰ ਸਿੰਘ ਨੇ ਕੇਜਰੀਵਾਲ ਦੇ ਕਿਸਾਨਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਉਪਵਾਸ ਨੂੰ ਡਰਾਮਾ ਦੱਸਿਆ ਸੀ।