ਸੰਯੁਕਤ ਰਾਸ਼ਟਰ, 25 ਮਈ ਕਾਂਗੋ ਵਿੱਚ ਤਾਇਨਾਤ ਭਾਰਤੀ ਮਹਿਲਾ ਕਮਾਂਡਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਮਿਸ਼ਨਾਂ ਵਿੱਚ ਵਰਦੀਧਾਰੀ ਮਹਿਲਾ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ| ਉਨ੍ਹਾਂ ਇਸ ਗੱਲ ਤੇ ਖਾਸ ਜ਼ੋਰ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਔਰਤਾਂ ਹਰ ਕਿਤੇ ਮਿਸਾਲ ਹੁੰਦੀਆਂ ਹਨ| ਕਾਂਗੋ ਗਣਰਾਜ ਵਿੱਚ ਸੰਯੁਕਤ ਰਾਸ਼ਟਰ ਸੰਗਠਨ ਸਥਿਰੀਕਰਨ ਮਿਸ਼ਨ ਦੇ ਭਾਰਤੀ ਮਹਿਲਾ ਕਾਰਜ ਦਲ (ਐਫ. ਈ. ਟੀ.)ਦੀ ਕਮਾਂਡਰ, ਕੈਪਟਨ ਪ੍ਰੀਤੀ ਸ਼ਰਮਾ ਨੇ ਸੇਕ ਟਾਊਨ ਤੋਂ ਵੀਡੀਓ ਕਾਨਫਰੰਸ ਵਿੱਚ ਗੱਲਬਾਤ ਦੌਰਾਨ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਕੁੱਲ ਫੌਜੀ ਸ਼ਾਂਤੀਰੱਖਿਅਕਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਸਿਰਫ 4 ਫੀਸਦੀ ਹੈ|
ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ, ਸੰਯੁਕਤ ਰਾਸ਼ਟਰ ਵਿੱਚ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਗਿਣਤੀ ਬਹੁਤ ਘੱਟ ਹੈ| ਜੇਕਰ ਵਿਸ਼ਵ ਦੀ 50 ਫੀਸਦੀ ਆਬਾਦੀ ਨੂੰ ਦੇਖਣੀ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਵਰਦੀਧਾਰਕ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਔਰਤਾਂ ਨੂੰ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਿਆ ਜਾ ਸਕੇ| ਭਾਰਤ ਤੋਂ ਐਫ. ਈ. ਟੀ. ਵਿੱਚ 22 ਔਰਤਾਂ ਸ਼ਾਂਤੀਰੱਖਿਅਕ ਹਨ ਅਤੇ ਇਸ ਦੀ ਸ਼ੁਰੂਆਤ ਪਿਛਲੇ ਸਾਲ ਜੂਨ ਵਿਚ ਮੋਨੂਸਕੋ ਵਿੱਚ ਤਾਇਨਾਤੀ ਨਾਲ ਹੋਈ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਤਹਿਤ ਸਭ ਤੋਂ ਚੁਣੌਤੀ ਪੂਰਣ ਸ਼ਾਂਤੀਰੱਖਿਅਕ ਮਿਸ਼ਨ ਮੰਨਿਆ ਜਾਂਦਾ ਹੈ|