ਜੰਮੂ – ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਸੁਰੱਖਿਆ ਦਸਤਿਆਂ ਨੇ ਅੱਜ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ| ਇਸ ਦੌਰਾਨ ਸੁਰੱਖਿਆ ਦਸਤਿਆਂ ਨੇ ਚਾਈਨੀਜ਼ ਪਿਸਤੌਲ, ਵਿਸਫੋਟਕ ਸਮੱਗਰੀ, ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ ਹਨ| ਰਾਜੌਰੀ ਦੇ ਸੀਨੀਅਰ ਪੁਲੀਸ ਸੁਪਰਡੈਂਟ ਚੰਦਨ ਕੋਹਲੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲੀਸ ਅਤੇ ਰਾਸ਼ਟਰੀ ਰਾਈਫਲਜ਼ ਨੇ ਗੰਭੀਰ ਮੁਗਲਾਨ ਕੋਲ ਜੰਗਲਾਂ ਵਿੱਚ ਅੱਤਵਾਦੀਆਂ ਦੇ ਗੁਪਤ ਟਿਕਾਣੇ ਦਾ ਪਰਦਾਫਾਸ਼ ਕਰ ਕੇ ਹਥਿਆਰ, ਗੋਲਾ-ਬਾਰੂਦ ਅਤੇ ਵਿਸਫੋਟਕ ਬਰਾਮਦ ਕੀਤਾ ਹੈ| ਉਨ੍ਹਾਂ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ਤੇ ਜੰਮੂ-ਕਸ਼ਮੀਰ ਪੁਲੀਸ ਅਤੇ ਰਾਸ਼ਟਰੀ ਰਾਈਫਲਜ਼ ਦੇ ਸਾਂਝੇ ਦਲ ਨੇ ਸੰਯੁਕਤ ਰੂਪ ਨਾਲ ਇਹ ਕਾਰਵਾਈ ਕੀਤੀ ਹੈ|ਪੁਲੀਸ ਸੁਪਰਡੈਂਟ ਇਮਤਿਆਜ਼ ਅਹਿਮਦ, ਐਸ.ਡੀ.ਪੀ.ਓ. ਮਨਜੋਤ ਨਿਸਾਰ ਖੁਜਾ ਅਤੇ ਮੰਜਾਕੋਟ ਥਾਣਾ ਇੰਚਾਰਜ ਪੰਕਜ ਸ਼ਰਮਾ ਨੇ ਫੌਜ ਦੇ ਅਧਿਕਾਰੀਆਂ ਨਾਲ ਸੰਘਣੇ ਜੰਗਲੀ ਖੇਤਰ ਵਿੱਚ ਮੁਹਿੰਮ ਚਲਾਈ| ਇਸ ਦੌਰਾਨ ਸੰਯੁਕਤ ਦਲ ਨੂੰ ਗੰਭੀਰ ਮੁਗਲਾਨ ਅਤੇ ਉਸ ਦੇ ਨੇੜੇ-ਤੇੜੇ ਅੱਤਵਾਦੀਆਂ ਦਾ ਇਕ ਟਿਕਾਣਾ ਮਿਲਿਆ, ਜੋ ਵੱਡੇ-ਵੱਡੇ ਪੱਥਰਾਂ ਦੀ ਆੜ ਵਿੱਚ ਜ਼ਮੀਨ ਹੇਠਾਂ ਬਣਿਆ ਹੋਇਆ ਸੀ| ਅੱਤਵਾਦੀਆਂ ਦੇ ਟਿਕਾਣੇ ਤੋਂ ਸਾਂਝੇ ਦਲ ਨੇ 2 ਏ.ਕੇ.-47 ਰਾਈਫਲਜ਼, 2 ਏ.ਕੇ. ਮੈਗਜ਼ੀਨ, 270 ਏ.ਕੇ. ਰਾਈਫਲਜ਼ ਦੀਆਂ ਗੋਲੀਆਂ, 2 ਚਾਈਨੀਜ਼ ਪਿਸਤੌਲ, 2 ਪਿਸਤੌਲ ਮੈਗਜ਼ੀਨ, 75 ਪਿਕਾ ਰਾਊਂਡਸ, 12 ਖਾਲੀ ਖੋਖੇ, 10 ਡੇਟੋਨੇਟਰ ਅਤੇ 5 ਤੋਂ 6 ਕਿਲੋਗ੍ਰਾਮ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ| ਉਨ੍ਹਾਂ ਨੇ ਦੱਸਿਆ ਕਿ ਇਲਾਕੇ ਵਿੱਚ ਤਲਾਸ਼ੀ ਹਾਲੇ ਵੀ ਜਾਰੀ ਹੈ ਅਤੇ ਪੁਲੀਸ ਵੱਖ-ਵੱਖ ਧਾਰਾਵਾਂ ਦੇ ਅਧੀਨ ਸ਼ਿਕਾਇਤ ਦਰਜ ਕਰ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ|