ਇਸਲਾਮਾਬਾਦ – ਪਾਕਿਸਤਾਨ ਪੀਪਲਜ਼ ਪਾਰਟੀ ਨੇ ਰਾਸ਼ਟਰਪਤੀ ਆਰਿਫ ਅਲਵੀ ਤੇ ਦੋਸ਼ ਲਗਾਇਆ ਕਿ ਉਹਨਾਂ ਨੇ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ| ਉਹਨਾਂ ਨੂੰ ਜੱਜ ਕਾਜ਼ੀ ਫੈਜ਼ ਈਸ਼ਾ ਮਾਮਲੇ ਵਿਚ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਦਿਆਂ ਖੁਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ| ਪੀ.ਪੀ.ਪੀ. ਸੈਨੇਟਰ ਰਜ਼ਾ ਰੱਬਾਨੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਉਹ ਆਸ ਕਰ ਰਹੇ ਸੀ ਕਿ ਰਾਸ਼ਟਰਪਤੀ ਖੁਦ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਪਰ ਹਫਤਾ ਬੀਤ ਜਾਣ ਤੋਂ ਬਾਅਦ ਵੀ ਰਾਸ਼ਟਰਪਤੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ| ਇਸ ਲਈ ਰਾਸ਼ਟਰਪਤੀ ਨੂੰ ਸਾਰੀਆਂ ਸਥਿਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐਮ.) ਦਾ ਪਹਿਲਾ ਟੀਚਾ ਸੀ ਇਮਰਾਨ ਖਾਨ ਦਾ ਅਸਤੀਫਾ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੀ ਸਰਕਾਰ ਨੂੰ ਸੁੱਟਣਾ, ਹੁਣ ਇਸ ਲਿਸਟ ਵਿਚ ਇਕ ਹੋਰ ਕੰਮ ਜੁੜ ਗਿਆ ਹੈ ਰਾਸ਼ਟਰਪਤੀ ਦਾ ਅਸਤੀਫਾ| ਮਹਾਦੋਸ਼ ਲਿਆਉਣ ਦੇ ਸਵਾਲ ਤੇ ਰੱਬਾਨੀ ਨੇ ਕਿਹਾ ਕਿ ਇਹ ਪੀ.ਡੀ.ਐਮ. ਲੀਡਰਸ਼ਿਪ ਤੈਅ ਕਰੇਗੀ ਅਤੇ ਕਿਹਾ ਕਿ ਪੀ.ਡੀ.ਐਮ. ਦੀ ਵਿਸ਼ੇਸ ਕਮੇਟੀ ਜਲਦੀ ਹੀ ਮੀਟਿੰਗ ਕਰੇਗੀ ਅਤੇ ਅੱਗੇ ਦੀ ਰਣਨੀਤੀ ਤੈਅ ਕਰੇਗੀ ਕਿ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਨੂੰ ਕਿਵੇਂ ਚੁੱਕਿਆ ਜਾਵੇ|