ਟੋਰਾਂਟੋ, 24 ਮਈ, 2020 : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕਾਮਾਗਾਟਾ ਮਾਰੂ ਘਟਨਾ ਦੀ 106ਵੀਂ ਵਰ੍ਹੇਗੰਢ ਮੌਕੇ ਦੱਖਣੀ ਏਸ਼ੀਆਈ ਭਾਈਚਾਰੇ ਵੱਲੋਂ ਕੈਨੇਡਾ ਦੇ ਵਿਕਾਸ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।
ਇਕ ਬਿਆਨ ਵਿਚ ਟਰੂਡੋ ਨੇ ਕਿਹਾ ਕਿ 4 ਸਾਲ ਪਹਿਲਾਂ ਉਹਨਾਂ ਹਾਊਸ ਆਫ ਕਾਮਨਜ਼ ਵਿਚ ਖੜੇ ਹੋ ਕੇ ਕੈਨੇਡਾ ਸਰਕਾਰ ਵੱਲੋਂ ਉਹਨਾਂ ਸਾਰਿਆਂ ਤੋਂ ਮੁਆਫੀ ਮੰਗੀ ਸੀ ਜਿਹਨਾਂ ਦੀ ਜ਼ਿੰਦਗੀ ਇਸ ਦੁਖਦਾਈ ਹਾਦਸੇ ਕਾਰਨ ਬਦਲ ਗਈ। ਉਹਨਾਂ ਕਿਹਾ ਕਿ ਅਜਿਹੇ ਕੋਈ ਸ਼ਬਦ ਨਹੀਂ ਹਨ ਜੋ ਇਸ ਸਾਰੇ ਦੁੱਖ ਤੇ ਪੀੜਾ ਨੂੰ ਖਤਮ ਕਰ ਸਕਣ ਤੇ ਸਾਨੂੰ ਸਾਡੇ ਬੀਤੇ ਸਮੇਂ ਵਿਚ ਹੋਈਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਤੇ ਇਹ ਗਲਤੀਆਂ ਦੁਬਾਰਾ ਨਾ ਹੋਣਾ ਯਕੀਨੀ ਬਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਾਮਾਗਾਟਾ ਮਾਰੂ ਘਟਨਾ ਸਾਡੇ ਇਤਿਹਾਸ ਵਿਚ ਗੂੰਜਦਿਆਂ ਸਾਨੂੰ ਚੇਤੇ ਕਰਵਾਉਂਦੀ ਹੈ ਕਿ ਸਾਨੂੰ ਇਕ ਦੂਜੇ ਦਾ ਮਾਣ ਸਤਿਕਾਰ ਕਰਨ, ਸਾਰਿਆਂ ਦੇ ਅਧਿਕਾਰਾਂ ਦੀ ਸਤਿਕਾਰ ਕਰਨ, ਸਭ ਨੂੰ ਨਾਲ ਲੈ ਕੇ ਚੱਲਣ ਤੇ ਵਿਭਿੰਨਤਾ ਨੂੰ ਇਕ ਵੱਡੀ ਤਾਕਤ ਵਜੋਂ ਸਨਮਾਨ ਦੇਣਾ ਆਉਣਾ ਚਾਹੀਦਾ ਹੈ।
ਦੱਖਣੀ ਏਸ਼ੀਆਈ ਭਾਈਚਾਰੇ ਦੇ ਯੋਗਦਾਨਾ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਅੱਜ ਅਸੀਂ ਇਸ ਘਟਨਾ ਦੇ ਪੀੜਤਾਂ ਨੂੰ ਚੇਤੇ ਕਰ ਰਹੇ ਹਾਂ ਤਾਂ ਤੇ ਇਹ ਵੇਖ ਰਹੇ ਹਾਂ ਕਿ ਦੱਖਣੀ ਏਸ਼ੀਆਈ ਭਾਈਚਾਰੇ ਤੇ ਹੋਰਨਾਂ ਜੋ ਕੈਨੇਡਾ ਆਏ, ਦੇ ਯੋਗਦਾਨ ਨਾਲ ਕੈਨੇਡਾ ਨੂੰ ਕਿੰਨਾ ਲਾਭ ਹੋਇਆ ਹੈ ਤੇ ਇਹਨਾਂ ਲੋਕਾਂ ਨੇ ਆਪਣਾ ਬੇਹਤਰੀਨ ਮੁਲਕ ਨੂੰ ਦਿੱਤਾ। ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾ ਕੈਨੇਡਾ ਦੀ ਵਿਭਿੰਨਤਾ ‘ਤੇ ਮਾਣ ਰਹੇਗਾ ਤੇ ਅਸੀਂ ਮਜ਼ਬੂਤ ਹਾਂ ਆਪਣੇ ਮਤਭੇਦਾਂ ਦੇ ਬਾਵਜੂਦ ਨਹੀਂ ਬਲਕਿ ਇਹਨਾਂ ਦੀ ਬਦੌਲਤ ਹੀ ਮਜ਼ਬੂਤ ਹਾਂ।
ਘਟਨਾ ਨੂੰ ਚੇਤੇ ਕਰਦਿਆਂ ਉਹਨਾਂ ਕਿਹਾ ਕਿ ਇਕ ਸਦੀ ਤੋਂ ਵੀ ਪਹਿਲਾਂ ਅੱਜ ਦੇ ਦਿਨ 376 ਮੁਸਾਫਰ ਕਾਮਾਗਾਟਾ ਮਾਰੂ ਸਟੀਮ ਜਹਾਜ਼ ਰਾਹੀਂ ਵੈਂਕੂਵਰ ਆਏ ਸਨ। ਉਹਨਾਂ ਲੱਖਾਂ ਇਮੀਗਰੈਂਟਸ ਵਾਂਗ ਜੋ ਕੈਨੇਡਾ ਵਿਚ ਇਸ ਤੋਂ ਪਹਿਲਾਂ ਤੇ ਬਾਅਦ ਵਿਚ ਵੀ ਆਏ ਕਿਉਂਕਿ ਇਹ ਮੁਸਾਫਰ ਆਪਣੇ ਪਰਿਵਾਰਾਂ ਦਾ ਜੀਵਨ ਬੇਹਤਰ ਬਣਾਉਣਾ ਚਾਹੁੰਦੇ ਸਨ। ਉਹਨਾਂ ਕਿਹਾ ਕਿ ਭਾਰਤ ਤੋਂ ਲੰਬੇ ਸਮੇਂ ਤੋਂ ਬਾਅਦ ਇਹਨਾਂ ਮੁਸਾਫਰਾਂ ਜਿਹਨਾਂ ਵਿਚ ਬਹੁਤੇ ਦੱਖਣੀ ਏਸ਼ੀਆਈ ਖਿੱਤੇ ਤੋਂ ਸਿੱਖ, ਮੁਸਲਿਮ ਤੇ ਹਿੰਦੂ ਸਨ , ਨੂੰ ਉਸ ਵੇਲੇ ਦੇ ਵਿਤਕਰੇ ਭਰਪੂਰ ਕਾਨੂੰਨਾਂ ਕਰ ਕੇ ਕਹਿ ਦਿੱਤਾ ਗਿਆ ਕਿ ਇਹ ਕੈਨੇਡਾ ਦੀ ਧਰਤੀ ‘ਤੇ ਨਹੀਂ ਉਤਰ ਸਕਦੇ। ਉਹਨਾਂ ਨੂੰ ਪ੍ਰਵੇਸ਼ ਨਹੀਂ ਦਿੱਤਾ ਗਿਆ ਤੇ ਦੋ ਮਹੀਨਿਆਂ ਤੱਕ ਉਹ ਜਹਾਜ਼ ਵਿਚ ਬੈਠੇ ਰਹੇ ਤੇ ਉਹਨਾਂ ਨੂੰ ਖਾਣਾ ਤੇ ਪਾਣੀ ਵੀ ਨਹੀਂ ਦਿੱਤਾ ਗਿਆ।
ਉਹਨਾਂ ਕਿਹਾ ਕਿ ਸਥਾਨਕ ਦੱਖਣੀ ਏਸ਼ੀਆਈ ਭਾਈਚਾਰੇ ਦੇ ਯਤਨਾਂ ਦੇ ਬਾਵਜੂਦ ਉਸ ਵੇਲੇ ਦੀ ਕੈਨੇਡਾ ਦੀ ਸਰਕਾਰ ਨੇ ਸਿਰਫ ਕੁਝ ਕੁ ਮੁਸਾਫਰਾਂ ਨੂੰ ਪ੍ਰਵੇਸ਼ ਦੀ ਆਗਿਆ ਦਿੱਤੀ ਤੇ ਬਾਕੀ ਵਾਪਸ ਭਾਰਤ ਪਰਤ ਗਏ ਜਿਥੇ ਕੁਝ ਮਾਰੇ ਗਏ ਤੇ ਕੁਝ ਨੂੰ ਜੇਲ੍ਹ ਹੋ ਗਈ।
ਇਸ ਦੌਰਾਨ ਪ੍ਰੋ. ਮੋਹਣ ਸਿੰਘ ਫਾਉਂਡੇਸ਼ਨ ਕੈਨੇਡਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੇ ਇਕ ਬਿਆਨ ਵਿਚ ਕਿਹਾ ਕਿ ਕਾਮਾਗਾਟਾ ਮਾਰੂ ਜਹਾਜ਼ ਘਟਨਾ ਦੀ 106ਵੀਂ ਵਰ੍ਹੇਗੰਢ ‘ਤੇ ਅਸੀਂ ਉਹਨਾਂ ਮਹਾਨ ਪੁਰਖਿਆਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹਾਂ। 18 ਮਈ 2016 ਨੂੰ ਕੈਨੜਾ ਦੀ ਸਰਕਾਰ ਵੱਲੋਂ ਮੰਗੀ ਮੁਆਫੀ ਦੀ ਸ਼ਲਾਘਾ ਕਰਦੇ ਹਾਂ। ਉਹਨਾਂ ਕਿਹਾ ਕਿ ਅਸੀਂ ਇਸ ਮਹਾਂਦਾਰੀ ਦੌਰਾਨ ਸਾਰੇ ਰਲ ਮਿਲ ਕੇ ਦੁਨੀਆਂ ਦੇ ਸਭ ਤੋਂ ਸੋਹਣੇ ਦੇਸ਼ ਕੈਨੇਡਾ ਦੀ ਤਰੱਕੀ ਤੇ ਸ਼ਾਂਤੀ ਲਈ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹਾਂ।