ਸਰੀ, 11 ਜੁਲਾਈ 2020 – ਦੇਸ਼ ਭਗਤ, ਸੰਤ ਕਵੀ, ਗੁਰਬਾਣੀ ਦੇ ਵਿਆਖਿਆਕਾਰ, ਗਦਰੀ ਬਾਬਿਆਂ ਦੇ ਸਾਥੀ, ਗੁਰਦੁਆਰਾ ਸੁਧਾਰ ਦੇ ਮੋਢੀ ਗੁਰਸਿੱਖ ਅਤੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ 142 ਵਾਂ ਜਨਮ ਦਿਨ ਅੱਜ ਸਰੀ ਵਿਖੇ ਗੁਰੂ ਨਾਨਕ ਸਿੱਖ ਗੁਰਦੁਆਰਾ ਵਿਖੇ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵੱਲੋਂ ਅੱਜ ਦੇ ਸਾਰੇ ਪ੍ਰੋਗਰਾਮ ਉਨ੍ਹਾਂ ਦੇ ਨਾਮ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਕੁਰਬਾਨੀ, ਦੇਸ਼ ਅਤੇ ਸਿੱਖ ਕੌਮ ਲਈ ਪਾਏ ਅਥਾਹ ਯੋਗਦਾਨ ਸੰਬਧੀ ਵਿਦਵਾਨਾ ਨੇ ਵਿਚਾਰ ਪੇਸ਼ ਕੀਤੇ।
ਭਾਈ ਰਣਧੀਰ ਸਿੰਘ ਬਾਰੇ ਬੋਲਦਿਆਂ ਭਾਈ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਵਿੱਚ 7 ਜੁਲਾਈ 1878 ਨੂੰ ਸਰਦਾਰ ਨੱਥਾ ਸਿੰਘ ਗਰੇਵਾਲ ਅਤੇ ਮਾਤਾ ਪੰਜਾਬ ਕੌਰ ਦੇ ਘਰ ਹੋਇਆ। ਮਾਤਾ ਪਿਤਾ ਨੇ ਉਨ੍ਹਾਂ ਦਾ ਨਾਂ ਬਸੰਤ ਸਿੰਘ ਰੱਖਿਆ। ਕਾਲਜ ਤੋਂ ਪੜ੍ਹਾਈ ਪੂਰੀ ਕਰਨ ਉਪਰੰਤ ਆਪ ਜੀ ਦਾ ਅਨੰਦ ਕਾਰਜ ਨਾਭਾ ਦੇ ਗੁਰਸਿੱਖ ਪਰਿਵਾਰ ਵਿਚ ਸ. ਬਚਨ ਸਿੰਘ ਦੀ ਸਪੁੱਤਰੀ ਬੀਬੀ ਕਰਤਾਰ ਕੌਰ ਨਾਲ ਹੋਇਆ। ਸੰਨ 1902 ਵਿਚ ਉਹ ਨਾਇਬ ਤਹਿਸੀਲਦਾਰ ਦੀ ਨੌਕਰੀ ’ਤੇ ਲੱਗ ਗਏ। 14 ਜੂਨ, 1903 ਨੂੰ ਉਨ੍ਹਾਂ ਫਿਲੌਰ ਦੇ ਨੇੜੇ ਬਕਾਪੁਰ ਵਿਖੇ ਪੰਜ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਅਤੇ ਉਨ੍ਹਾਂ ਦਾ ਨਾਂ ਰਣਧੀਰ ਸਿੰਘ ਰੱਖਿਆ ਗਿਆ। ਉਨ੍ਹਾਂ ਆਜ਼ਾਦੀ ਸੰਗਰਾਮ ਵਿਚ ਵੱਡਮੁੱਲਾ ਯੋਗਦਾਨ ਪਾਇਆ ਅਤੇ ਅਧਿਆਤਮਿਕ ਗਿਆਨ ਦੇਣ ਵਾਲੀਆਂ ਵਿਦਵਤਾ ਭਰਪੂਰ ਪੁਸਤਕਾਂ ਦੀ ਰਚਨਾ ਕੀਤੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਗੁਰਮੀਤ ਸਿੰਘ ਤੂਰ ਨੇ ਕਿਹਾ ਕਿ ਗ਼ਦਰ ਪਾਰਟੀ ਨੇ ਅਨੇਕਾਂ ਸੂਰਮੇ ਪੈਦਾ ਕੀਤੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੇ ਮਿੱਥੇ ਨਿਸ਼ਾਨਿਆਂ ’ਤੇ ਚੱਲਦਿਆਂ ਅਨੇਕਾਂ ਤਸੀਹੇ ਝੱਲੇ ਅਤੇ ਭਾਰਤ ਦੇ ਆਜ਼ਾਦੀ ਸੰਗ੍ਰਾਮ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਯੋਧਿਆਂ ਵਿੱਚੋਂ ਭਾਈ ਰਣਧੀਰ ਸਿੰਘ ਨਾਰੰਗਵਾਲ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਭਾਰਤੀ ਲੋਕਾਂ ਵਿੱਚ ਗ਼ਦਰ ਲਹਿਰ ਦੀ ਜਾਗ ਲਾਈ।
ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਵਿਦਵਾਨ ਸ. ਜੈਤੇਗ ਸਿੰਘ ਨੇ ਭਾਈ ਰਣਧੀਰ ਸਿੰਘ ਨੂੰ ਪੰਥ ਦੀ ਸਨ-ਚਿੜੀ ਦਸਦਿਆਂ ਕਿਹਾ ਕਿ ਦੂਜੇ ਲਾਹੌਰ ਸਾਜ਼ਿਸ਼ ਕੇਸ ਵਿੱਚ ਜਿਨ੍ਹਾਂ 48 ਆਜ਼ਾਦੀ ਦੇ ਪ੍ਰਵਾਨਿਆਂ ਨੂੰ ਉਮਰ ਕੈਦ ਹੋਈ, ਭਾਈ ਸਾਹਿਬ ਉਨ੍ਹਾਂ ਵਿੱਚੋਂ ਇੱਕ ਸਨ। 30 ਮਾਰਚ 1916 ਨੂੰ ਉਨ੍ਹਾਂ ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਕੀਤਾ ਗਿਆ। ਜਿੱਥੇ ਉਹ ਕਰਤਾਰ ਸਿੰਘ ਸਰਾਭਾ ਤੇ ਹੋਰ ਗ਼ਦਰੀ ਸਾਥੀਆਂ ਨਾਲ ਇੱਕਠੇ ਹੋ ਗਏ। 16 ਵਰ੍ਹੇ ਕੈਦ ਕੱਟਣ ਮਗਰੋਂ 1932 ਈ: ਵਿੱਚ ਉਨ੍ਹਾਂ ਦੀ ਰਿਹਾਈ ਹੋਈ। 1932 ਤੋਂ 1961 ਤੱਕ ਦਾ ਸਮਾਂ ਭਾਈ ਸਾਹਿਬ ਨੇ ਅਖੰਡ-ਪਾਠਾਂ, ਅਖੰਡ ਕੀਰਤਨ ਮੰਡਲਾਂ ਵਿੱਚ ਹਿੱਸਾ ਲੈਂਦਿਆਂ ਬਤੀਤ ਕੀਤਾ। ਉਨ੍ਹਾਂ ਦਾ ਜੀਵਨ ਬਹੁ-ਪੱਖੀ ਅਤੇ ਸਰਬਪੱਖੀ ਸੰਪੂਰਨ ਸੀ। ਗੁਰਮਤਿ ਸਾਹਿਤ ਦੀ ਸਿਰਜਣਾ ਕਰਕੇ ਉਨ੍ਹਾਂ ਪੰਜਾਬੀ ਸਾਹਿਤ ਵੱਡਾ ਯੋਗਦਾਨ ਪਾਇਆ । ਉਨ੍ਹਾਂ ਨੇ 40 ਦੇ ਕਰੀਬ ਰਚਨਾਵਾਂ ਲਿਖ ਕੇ ਸਿੱਖ ਸਾਹਿਤ ਦੇ ਭੰਡਾਰ ਨੂੰ ਹੀ ਨਹੀਂ ਭਰਿਆ ਸਗੋਂ ਇਨ੍ਹਾਂ ਲਿਖਤਾਂ ਰਾਹੀਂ ਗੁਰਮਤਿ ਅਤੇ ਸਿੱਖ ਸਿਧਾਂਤਾਂ ਦੀ ਵਿਆਖਿਆ ਕਰਦੇ ਹੋਏ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਨਿਸ਼ਕਾਮ ਸੇਵਾ ਵੀ ਕੀਤੀ। ਉਨ੍ਹਾਂ ਦੁਆਰਾ ਰਚਿਤ ਜੇਲ੍ਹ ਚਿੱਠੀਆਂ, ਰੰਗਲੇ ਸੱਜਣ, ਕਰਮ ਫ਼ਿਲਾਸਫ਼ੀ, ਗੁਰਮਤਿ ਬਿਬੇਕ, ਅਣਡਿੱਠੀ ਦੁਨੀਆਂ, ਗੁਰਮਤਿ ਨਾਮ ਅਭਿਆਸ, ਕਥਾ ਕੀਰਤਨ, ਸਿੰਘਾਂ ਦਾ ਪੰਥ ਨਿਰਾਲਾ, ਜੋਤਿ ਵਿਗਾਸ ਆਦਿ ਪੁਸਤਕਾਂ ਗਿਆਨ ਦਾ ਮਹਾਨ ਭੰਡਾਰ ਹਨ। ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਦੇਸ਼ ਵਿਦੇਸ਼ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਖੰਡੇ ਦੀ ਪਾਹੁਲ ਪ੍ਰਾਪਤ ਕਰ ਕੇ ਗੁਰਸਿੱਖਾਂ ਵਾਲਾ ਜੀਵਨ ਬਤੀਤ ਕੀਤਾ।