ਨਵੀਂ ਦਿੱਲੀ – ਲੋਕਤੰਤਰੀ ਜਨਤਾ ਦਲ (ਲੋਜਪਾ) ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਦੀ ਪੁੱਤਰੀ ਸੁਭਾਸ਼ਿਨੀ ਯਾਦਵ ਕਾਂਗਰਸ ਵਿੱਚ ਸ਼ਾਮਿਲ ਹੋ ਗਈ ਹੈ| ਉਨ੍ਹਾਂ ਨਾਲ ਹੀ ਲੋਜਪਾ ਦੇ ਸੀਨੀਅਰ ਨੇਤਾ ਕਾਲੀ ਪਾਂਡੇ ਵੀ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ| ਮੰਨਿਆ ਜਾ ਰਿਹਾ ਹੈ ਕਿ ਸੁਭਾਸ਼ਿਨੀ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਟਿਕਟ ਤੇ ਚੋਣਾਂ ਲੜ ਸਕਦੀ ਹੈ| ਸੁਭਾਸ਼ਿਨੀ ਅਤੇ ਕਾਲੀ ਪਾਂਡੇ ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਪਵਨ ਖੇੜਾ, ਦਵਿੰਦਰ ਯਾਦਵ ਅਤੇ ਅਜੇ ਕਪੂਰ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਹਾਸਿਲ ਕੀਤੀ ਹੈ| ਸ੍ਰੀ ਖੇੜਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸੁਭਾਸ਼ਿਨੀ ਯਾਦਵ ਕਾਂਗਰਸ ਵਿੱਚ ਸ਼ਾਮਲ ਹੋਈ ਹੈ| ਉਨ੍ਹਾਂ ਦੇ ਪਿਤਾ ਦਾ ਭਾਰਤ ਦੇ ਸੰਸਦੀ ਲੋਕਤੰਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ|ਜ਼ਿਕਰਯੋਗ ਹੈ ਕਿ ਸ਼ਰਦ ਯਾਦਵ ਆਪਣੀ ਪਾਰਟੀ ਗਠਿਤ ਕਰਨ ਤੋਂ ਪਹਿਲਾਂ ਜਦ (ਯੂ) ਵਿੱਚ ਸਨ ਅਤੇ ਉਨ੍ਹਾਂ ਨੇ ਪਾਰਟੀ ਦਾ ਪ੍ਰਧਾਨ ਰਹਿਣ ਨਾਲ ਕਈ ਸਾਲਾਂ ਤੱਕ ਰਾਜਗ ਦੇ ਕਨਵੀਨਰ ਦੀ ਭੂਮਿਕਾ ਨਿਭਾਈ| ਸਾਲ 2017 ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਸ਼ਰਦ ਯਾਦਵ ਨੂੰ ਜਦ (ਯੂ) ਵਿਚੋਂ ਕੱਢ ਦਿੱਤਾ ਗਿਆ ਸੀ| ਇਸ ਤੋਂ ਬਾਅਦ ਉਨ੍ਹਾਂ ਨੇ ਲੋਕਤੰਤਰੀ ਜਨਤਾ ਦਲ ਦਾ ਗਠਨ ਕੀਤਾ| ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਮਹਾਗਠਜੋੜ ਦਾ ਹਿੱਸਾ ਸਨ ਅਤੇ ਇਸ ਦੇ ਬੈਨਰ ਹੇਠ ਮਧੇਪੁਰਾ ਤੋਂ ਚੋਣ ਵੀ ਲੜੀ ਸੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ|