ਔਕਲੈਂਡ, 20 ਮਈ 2024:-ਨਿਊਜ਼ੀਲੈਂਡ ਦਾ ਪਾਸਪੋਰਟ ਲੈਣਾ ਵੀ ਹੁਣ ਵੱਡਾ ਕੰਮ ਬਣਦਾ ਜਾ ਰਿਹਾ ਹੈ। ਆਮ ਹਾਲਤਾਂ ਦੇ ਵਿਚ ਪਾਸਪੋਰਟ ਲੈਣਾ ਹੋਵੇ ਤਾਂ ਦੋ ਤੋਂ ਤਿੰਨ ਮਹੀਨਿਆ (10 ਹਫ਼ਤਿਆਂ) ਦਾ ਸਮਾਂ ਲੱਗਣ ਲੱਗ ਪਿਆ ਹੈ ਜਦ ਕਿ ਤੱਤਕਾਲ ਸੇਵਾ ਦੇ ਵਿਚ ਇਹ ਪਾਸਪੋਰਟ ਹਫਤੇ ਦੇ ਵਿਚ-ਵਿਚ ਬਣ ਕੇ ਆ ਜਾਂਦਾ ਹੈ। ਪਹਿਲਾਂ ਪਹਿਲ ਸਧਾਰਨ ਹਾਲਾਤ ਦੇ ਵਿਚ ਪਾਸਪੋਰਟ 10 ਦਿਨ ਦੇ ਵਿਚ ਆ ਜਾਂਦਾ ਹੁੰਦਾ ਸੀ। ਪਰ ਮਾਰਚ ਮਹੀਨੇ ਕੁੱਝ ਸਿਸਟਮ ਬਦਲਾਅ ਕੀਤੇ ਜਾਣ ਉਪਰੰਤ ਇਹ ਖਿਲਾਰਾ ਵਧ ਗਿਆ। ਲੋਕ ਹੁਣ ਆਪਣੀ ਜ਼ਰੂਰਤ ਮੁਤਾਬਿਕ ਤੱਤਕਾਲ ਸੇਵਾ ਦਾ ਉਪਯੋਗ ਕਰ ਰਹੇ ਹਨ ਅਤੇ ਵਾਧੂ ਪੈਸੇ ਦੇ ਰਹੇ ਹਨ।
ਇਸੇ ਤੱਤਕਾਲ ਸੇਵਾ ਦੇ ਚਲਦਿਆਂ ਪਾਸਪੋਰਟ ਵਿਭਾਗ ਨੇ 1.2 ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਵੀ ਕਰ ਲਈ ਹੈ। ਪਿਛਲੇ 6 ਕੁ ਹਫ਼ਤਿਆਂ ਦੇ ਵਿਚ ਤੀਜਾ ਹਿੱਸਾ ਅਰਜ਼ੀਆਂ ਤੱਤਕਾਲ ਸੇਵਾ ਵਾਲੀਆਂ ਆ ਰਹੀਆਂ ਹਨ। 1 ਮਾਰਚ ਤੋਂ 15 ਮਈ ਤੱਕ 69,960 ਅਰਜ਼ੀਆਂ ਦੇ ਵਿਚੋਂ 20,824 ਅਰਜ਼ੀਆਂ ਤੱਤਕਾਲ ਫੀਸ ਦੇ ਨਾਲ ਪ੍ਰਾਪਤ ਹੋਈਆਂ। 6205 ਅਰਜ਼ੀ ਦਾਤਾਵਾਂ ਦੁਆਰਾ ਵਾਧੂ ਫੀਸ ਦੇ ਕੇ ਆਪਣੀ ਅਰਜ਼ੀ ਨੂੰ ਤੱਤਕਾਲ ਸੇਵਾ ਵਿਚ ਤਬਦੀਲ ਕੀਤਾ ਗਿਆ। ਤੱਤਕਾਲ ਸੇਵਾ ਦਾ ਫਾਇਦਾ ਚੁੱਕਣ ਵਾਸਤੇ 412 ਡਾਲਰ ਖਰਚਾ ਆਉਂਦਾ ਹੈ ਜਦ ਕਿ ਸਧਾਰਨ ਪਾਸਪੋਰਟ ਵਾਸਤੇ 206 ਡਾਲਰ ਹੀ ਲਗਦੇ ਹਨ।
ਵਿਭਾਗ ਨੇ 12 ਲੱਖ 78 ਹਜ਼ਾਰ 230 ਡਾਲਰ ਤੱਤਕਾਲ ਸੇਵਾ ਅਧੀਨ ਕਮਾਏ। ਤੱਤਕਾਲ ਸੇਵਾ ਤਹਿਤ ਤਿੰਨ ਦਿਨ ਦੇ ਵਿਚ ਪਾਸਪੋਰਟ ਬਣ ਕੇ ਡਿਸਪੈਚ ਹੋ ਜਾਂਦਾ ਹੈ। ਵਿਭਾਗ ਨੇ ਲੋਕਾਂ ਅਪੀਲ ਕੀਤੀ ਹੈ ਕਿ ਪਾਸਪੋਰਟ ਬਨਾਉਣ ਦੇ ਲਈ ਉਨ੍ਹਾਂ ਨੂੰ ਭਰਪੂਰ ਸਮਾਂ ਦਿੱਤਾ ਜਾਵੇ। ਇਸ ਸਮੇਂ 9000 ਪਾਸਪਰੋਟ ਅਰਜ਼ੀਆਂ ਉਹ ਵੀ ਹਨ ਜਿਨ੍ਹਾਂ ਬਾਰੇ ਹੋਰ ਜਾਣਕਾਰੀ ਲੋੜੀਂਦੀ ਹੈ। ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਦੇ ਵਿਚ ਪਾਸਪੋਰਟ ਬਨਣ ਵਾਲੇ ਪਏ ਹਨ।
ਤੱਤਕਾਲ ਸੇਵਾ ਤਹਿਤ ਪੈਸੇ ਕਮਾਉਣ ਨੂੰ ਵੇਖ ਕੇ ਤਾਂ ਪੰਜਾਬੀ ਦਾ ਇਕ ਅਖਾਣ ਜ਼ਰੂਰ ਆਉਂਦਾ ਹੈ….‘‘ਰੁਪਏ ਦੀ ਵਡਿਆਈ, ਆ ਬਹਿਜਾ ਭਾਈ।’’