ਮੋਗਾ, 4 ਅਕਤੂਬਰ, 2020 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਜਪਾ ਤੇ ਅਕਾਲੀਆਂ ‘ਤੇ ਕਦੇ ਵਿਸ਼ਵਾਸ ਨਾ ਕਰਨ
ਅੱਜ ਇਥੇ ਬੱਧਨੀ ਕਲਾਂ ਵਿਚ ਰਾਹੁਲ ਗਾਂਧੀ ਦੀ ਆਮਦ ‘ਤੇ ਰੱਖੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਤੇ ਅਕਾਲੀ ਦੋਵੇਂ ਹੀ ਧੋਖੇਬਾਜ਼ ਹਨ। ਉਹਨਾਂ ਕਿਹਾ ਕਿ ਕੇਂਦਰ ਦੇ ਮੰਤਰੀ ਹਰਦੀਪ ਪੁਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਖੇਤੀ ਆਰਡੀਨੈਂਸਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਤਾਂ ਉਦੋਂ ਹਰਸਿਮਰਤ ਕੌਰ ਬਾਦਲ ਨੇ ਸਹਿਮਤੀ ਦਿੱਤੀ ਸੀ ਤੇ ਕਦੇ ਵਿਰੋਧ ਨਹੀਂ ਕੀਤਾ ਪਰ ਹੁਣ ਉਹ ਆਪਣੇ ਸੁਰ ਬਦਲ ਗਏ ਹਨ।
ਸੁਖਬੀਰ ‘ਤੇ ਨਿਸ਼ਾਨਾ ਕੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਇਹ ਪੰਜ ਗੱਲਾਂ ਪੁੱਛੀ ਜਾਂਦਾ ਹੈ ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਕਿਸਾਨਾਂ ਵਾਸਤੇ ਹਮੇਸ਼ਾ ਕਾਂਗਰਸ ਨੇ ਕੰਮ ਕੀਤਾ ਤੇ ਪੰਜਾਬ ਵਿਚ ਕਿਸਾਨਾਂ ਦੀ ਬੇਹਤਰੀ ਵਾਸਤੇ ਕੰਮ ਕੀਤਾ ਅਤੇ ਕੌਮੀ ਪੱਧਰ ‘ਤੇ ਐਮ ਐਸ ਪੀ ਵੀ ਕਾਂਗਰਸ ਨੇ ਹੀ ਸ਼ੁਰੂ ਕੀਤੀ ਸੀ। ਉਹਨਾਂ ਕਿਹਾ ਕਿ ਕੇਂਦਰ ਦੀ ਸੋਚ ਕਿਸਾਨ ਮਾਰੂ ਹੈ ਤੇ ਉਹ ਹਮੇਸ਼ਾ ਕਿਸਾਨਾਂ ਦੇ ਖਿਲਾਫ ਕੰਮ ਕਰਦੀ ਰਹੀ ਹੈ।