ਮਮਦੋਟ, 20 ਸਤੰਬਰ 2020 – ਖੇਤੀ ਸਬੰਧੀ ਨਵੇਂ ਆਰਡੀਨੈਂਸ ਲਿਆਉਣ ਸਮੇਂ ਕੇਂਦਰ ਸਰਕਾਰ ਨੇ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਭੁਲੇਖੇ ‘ਚ ਰੱਖਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਹਰਚਰਨ ਸਿੰਘ ਵੈਰੜ ਨੇ ਮਮਦੋਟ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ । ਉਨ੍ਹਾਂ ਮੰਨਿਆ ਕਿ ਬੇਸ਼ੱਕ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਨੂੰ ਦੇਰੀ ਨਾਲ ਲਿਆ ਗਿਆ ਫੈਸਲਾ ਕਿਹਾ ਜਾ ਰਿਹਾ ਹੈ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਏ ਗਏ ਇਸ ਫੈਸਲੇ ਨਾਲ ਇਸ ਆਰਡੀਨੈਂਸ ਦੇ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਹੌਸਲੇ ਬੁਲੰਦ ਹੋਏ ਹਨ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਤੇ ਆਗੂ ਵੀ ਇਸ ਕਿਸਾਨ ਮਾਰੂ ਆਰਡੀਨੈਂਸ ਨੂੰ ਖਤਮ ਕਰਵਾਉਣ ਲਈ ਇਸ ਮੁਹਿੰਮ ਵਿੱਚ ਇੱਕ ਜੁੱਟ ਹੋ ਕੇ ਕੁੱਦ ਪਏ ਹਨ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਆਪਣੀ ਪਾਰਟੀ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਨੂੰ ਇਹ ਆਰਡੀਨੈਂਸ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ । ਇਸ ਮੌਕੇ ਸੀਨੀਅਰ ਆਗੂ ਸੋਨੂੰ ਸੇਠੀ, ਰਾਕੇਸ਼ ਧਵਨ , ਬਲਵੰਤ ਸਿੰਘ ਚੱਕ ਭੰਗੇ ਵਾਲਾ ,ਪਵਨ ਦੁੱਗਲ ਅਤੇ ਅਸ਼ੋਕ ਕੁਮਾਰ ਨਾਰੰਗ ਵੀ ਹਾਜ਼ਰ ਸਨ।