ਅੰਮ੍ਰਿਤਸਰ, 19 ਸਤੰਬਰ 2020 – ਪਾਕਿਤਸਾਨ ‘ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਮੁੱਖ ਗ੍ਰੰਥੀ ਪ੍ਰੀਤਮ ਸਿੰਘ ਦੀ ਲੜਕੀ ਬੁਲਬੁਲ ਕੌਰ ਨੂੰ ਦੋ ਮੁਸਲਮਾਨ ਲੜਕਿਆਂ ਵਲੋਂ ਅਗਵਾ ਕਰਨ ਦੇ ਮਾਮਲੇ ‘ਚ ਅੱਜ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜੇ. ਪੀ. ਸਿੰਘ ਵਿਦੇਸ਼ੀ ਮਾਮਲਿਆਂ ਦੇ ਸੰਯੁਕਤ ਸਕੱਤਰ ਇੰਚਾਰਜ ਪਾਕਿਸਤਾਨ ਡੈਸਕ ਨਾਲ ਮੁਲਾਕਾਤ ਕੀਤੀ।। ਸਿਰਸਾ ਨੇ ਦੱਸਿਆ ਕਿ ਜੇ. ਪੀ. ਸਿੰਘ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਬੁਲਬੁਲ ਕੌਰ ਦੇ ਮਾਮਲੇ ਨੂੰ ਲੈ ਕੇ ਬੀਤੇ ਦਿਨ ਉਨ੍ਹਾਂ ਵਲੋਂ ਪਾਕਿ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਇਸ ਸੰਬੰਧੀ 24 ਘੰਟਿਆਂ ਅੰਦਰ ਰਿਪੋਰਟ ਮੰਗੀ ਗਈ ਹੈ। ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਮੁੱਖ ਗ੍ਰੰਥੀ ਪ੍ਰੀਤਮ ਸਿੰਘ ਦੀ ਲੜਕੀ ਬੁਲਬੁਲ ਕੌਰ ਨੂੰ ਕਰੀਬ 15 ਦਿਨ ਪਹਿਲਾਂ ਦੋ ਮੁਸਲਮਾਨ ਨੌਜਵਾਨਾਂ ਵਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਇਸ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਲੱਗਾ। ਪਰਿਵਾਰ ਨੂੰ ਡਰ ਹੈ ਕਿ ਕਿਤੇ ਬੁਲਬੁਲ ਕੌਰ ਨੂੰ ਵੀ ਜਗਜੀਤ ਕੌਰ ਵਾਂਗ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਨਿਕਾਹ ਲਈ ਮਜਬੂਰ ਨਾ ਕੀਤਾ ਗਿਆ ਹੋਵੇ।