ਮਮਦੋਟ, 20 ਸਤੰਬਰ 2020 – ਇਲਾਕੇ ਵਿੱਚ ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹਨਾਂ ਨੂੰ ਆਮ ਲੋਕਾਂ ਦਾ ਤਾਂ ਕੀ ਪੁਲਿਸ ਦਾ ਵੀ ਕੋਈ ਡਰ ਡੁੱਕਰ ਨਹੀਂ ਰਿਹਾ। ਪਹਿਲਾਂ ਤਾ ਇਲਾਕੇ ਵਿਚ ਚੋਰੀ ਆਦਿ ਦੀਆਂ ਵਾਰਦਾਤਾਂ ਤਹਿਸੀਲ, ਬੈਂਕ, ਜਾਂ ਹੋਰ ਭੀੜ ਭੜੱਕੇ ਵਾਲ਼ੀਆਂ ਜਗਾਵਾਂ ਤੋਂ ਹੁੰਦੀਆਂ ਦੇਖਣ ਨੂੰ ਮਿਲਦੀਆਂ ਸਨ। ਪਰੰਤੂ ਕੱਲ੍ਹ ਦੇਰ ਸ਼ਾਮ ਚੋਰ ਥਾਣਾ ਮਮਦੋਟ ‘ਤੇ ਧਾਵਾ ਬੋਲਦਿਆਂ ਥਾਣੇ ਦੀ ਚਾਰ ਦੀਵਾਰੀ ਅੰਦਰ ਖੜਾ ਮੋਟਰਸਾਈਕਲ ਹੀ ਚੋਰੀ ਕਰਕੇ ਰਫੂ ਚੱਕਰ ਹੋ ਗਏ।
ਜਿਸ ਤੋਂ ਸਥਾਨਕ ਪੁਲਿਸ ‘ਤੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਘੁਸਰ ਮੁਸਰ ਕਰਦਿਆਂ ਸੁਣਿਆ ਗਿਆ ਕਿ ਇਹ ਤਾਂ ਦੀਵੇ ਥੱਲੇ ਹਨ੍ਹੇਰੇ ਵਾਲੀ ਗੱਲ ਹੋਈ, ਦੱਸਣਾ ਬਣਦਾ ਹੈ ਕਿ ਕੱਲ੍ਹ ਦੇਰ ਸ਼ਾਮ ਥਾਣੇ ਦੀ ਚਾਰ ਦੀਵਾਰੀ ਅੰਦਰੋਂ ਮਮਦੋਟ ਦੇ ਸਾਬਕਾ ਐੱਮ ਸੀ ਅਤੇ ਵਾਈਸ ਪ੍ਰਧਾਨ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਾਬਕਾ ਵਾਈਸ ਪ੍ਰਧਾਨ ਪ੍ਰਦੀਪ ਕੁਮਾਰ ਪੱਪੂ ਪੁੱਤਰ ਕਸ਼ਮੀਰ ਸਿੰਘ ਵਾਸੀ ਮਮਦੋਟ ਹਿਠਾੜ (ਜੱਲੋ ਕੇ) ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਥਾਣਾ ਮਮਦੋਟ ਦੇ ਹਦੂਦ ਅੰਦਰ ਮੋਟਰਸਾਈਕਲ ਖੜਾ ਕਰਕੇ, ਕਿਸੇ ਪੁਲਿਸ ਅਧਿਕਾਰੀ ਨੂੰ ਮਿਲਣ ਗਿਆ ਸੀ। ਪਰ ਜਦੋਂ ਵਾਪਸ ਆ ਕੇ ਦੇਖਿਆ ਤਾਂ ਮੇਰਾ ਮੋਟਰਸਾਈਕਲ ਉੱਥੋਂ ਗਾਇਬ ਹੋ ਚੁੱਕਿਆ ਸੀ।
ਮੈਂ ਆਸ ਪਾਸ ਪੁਲਿਸ ਮੁਲਾਜ਼ਮਾਂ ਅਤੇ ਉੱਥੇ ਲੋਕਾਂ ਤੋਂ ਪੁੱਛਿਆ ਪਰ ਮੇਰਾ ਮੋਟਰਸਾਈਕਲ ਕਿਤੇ ਨਹੀਂ ਮਿਲਿਆ। ਇਸ ਸਬੰਧੀ ਥਾਣਾ ਮਮਦੋਟ ਅੰਦਰ ਤਾਇਨਾਤ ਡਿਊਟੀ ਅਫਸਰ ਸੁਖਪਾਲ ਸਿੰਘ ਨਾਲ ਜਦੋਂ ਗੱਲ ਕੀਤੀ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਹੈ ਅਤੇ ਜਦੋਂ ਇਸ ਮਾਮਲੇ ਸਬੰਧੀ ਮੇਰੇ ਕੋਲ ਸ਼ਿਕਾਇਤ ਆਵੇਗੀ ਤਾਂ ਉਸ ਉਪਰ ਕਾਰਵਾਈ ਕਰਕੇ ਚੋਰੀ ਹੋਏ ਮੋਟਰਸਾਈਕਲ ਦੀ ਭਾਲ ਕੀਤੀ ਜਾਵੇਗੀ ਅਤੇ ਚੋਰਾਂ ਨੂੰ ਜਲਦ ਹੀ ਪਕੜ ਲਿਆ ਜਾਵੇਗਾ।