ਸ੍ਰੀ ਮੁਕਤਸਰ ਸਾਹਿਬ, 2 ਸਤੰਬਰ 2020 – ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ’ਤੇ ਐਸਸੀ ਬੱਚਿਆਂ ਦੇ ਵਜੀਫ਼ੇ ਵਿੱਚ ਘੁਟਾਲਾ ਕਰਨ ਦੇ ਲੱਗੇ ਕਥਿਤ ਦੋਸ਼ਾਂ ਤਹਿਤ ਜਿੱਥੇ ਵਿਰੋਧੀ ਧਿਰਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਥੇ ਹੀ ਹੁਣ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਬਾਦਲ ਨੇ ਆਪਣੀ ਨਿੱਜੀ ਰਿਹਾਇਸ਼ ਪਿੰਡ ਬਾਦਲ ਵਿਖੇ ਗੱਲਬਾਤ ਦੀ ਇੱਕ ਵੀਡਿਓ ਕਲਿੱਪ ਜਾਰੀ ਕਰਦਿਆਂ ਕਿਹਾ ਕਿ ਪਹਿਲਾਂ ਰੇਲ ਹਾਦਸੇ ਮਾਮਲੇ ਵਿੱਚ ਵੀ ਕਾਂਗਰਸ ਸਰਕਾਰ ਵੱਲੋਂ ਆਪਣੇ ਪੱਧਰ ’ਤੇ ‘ਸਿੱਟ’ ਬਣਾ ਕੇ ਜਾਂਚ ਵਿੱਚ ਜਿੰਮੇਵਾਰ ਵਿਅਕਤੀਆਂ ਨੂੰ ਕੱਢ ਦਿੱਤਾ ਗਿਆ ਸੀ ਤੇ ਹੁਣ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਵੀ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੀ ਬਜਾਏ ਫਿਰ ਉਸੇ ਤਰ੍ਹਾਂ ‘ਸਿੱਟ’ ਬਣਾ ਦਿੱਤੀ ਗਈ। ਸੁਖਬੀਰ ਬਾਦਲ ਨੇ ਕਿਹਾ ਕਿ ਐਸਸੀ ਬੱਚਿਆਂ ਦੇ ਵਜੀਫ਼ੇ ਮਾਮਲੇ ’ਚ ਕਰੋੜਾਂ ਦਾ ਘੁਟਾਲਾ ਸਾਹਮਣੇ ਆ ਰਿਹਾ ਹੈ, ਪਰ ਸੀਬੀਆਈ ਜਾਂ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੀ ਬਜਾਏ ਫਿਰ ਤੋਂ ਆਪਣੇ ਪੱਧਰ ’ਤੇ ਕਮੇਟੀ ਬਣਾ ਕੇ ਹੀ ਜਾਂਚ ਨੂੰ ਸਰਕਾਰ ਆਪਣੇ ਹਿਸਾਬ ਨਾਲ ਕਰਵਾਕੇ ਆਪਣੇ ਮੰਤਰੀ ਦਾ ਬਚਾਅ ਕਰਨਾ ਚਾਹੁੰਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਤਾ ਨੇ ਪੰਜਾਬ ਦੇ ਲੱਖਾਂ ਐੱਸਸੀ ਬੱਚਿਆਂ ਦਾ ਭਵਿੱਖ ਰੋਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਅਜਿਹੇ ਬੱਚਿਆਂ ਦੀ ਪੜ੍ਹਾਈ ਲਈ ਆਇਆ ਕਰੋੜਾਂ ਰੁਪਿਆ ਕਾਂਗਰਸ ਸਰਕਾਰ ਦੇ ਮੰਤਰੀ ਆਪ ਛਕ ਗਏ ਹਨ, ਜੋ ਸੱਚ ਹੁਣ ਉਜਾਗਰ ਹੋ ਚੁੱਕਿਆ ਹੈ ਅਤੇ ਜੇਕਰ ਮੁੱਖ ਮੰਤਰੀ ਸੱਚਮੁੱਚ ਇਸ ਮਾਮਲੇ ਦੀ ਸਹੀ ਤੇ ਨਿਰਪੱਖ ਜਾਂਚ ਦੇ ਹੱਕ ’ਚ ਹਨ ਤਾਂ ਇਸਦੀ ਜਾਂਚ ਸੀਬੀਆਈ ਜਾਂ ਹਾਈਕੋਰਟ ਦੀ ਨਿਗਰਾਨੀ ਹੇਠ ਕਰਵਾਉਣ।