ਔਕਲੈਂਡ, 07 ਜੂਨ 2023 : ਨਿਊਜ਼ੀਲੈਂਡ ਦੇ ਵਿਚ ਰਾਜਨੀਤਕ ਲੋਕ ਕਿੰਨੇ ਜ਼ਿੰਮੇਵਾਰ, ਸੰਵਿਧਾਨਕ ਅਤੇ ਪਾਰਦਰਸ਼ਤਾ ਵਾਲੇ ਹੋਣੇ ਚਾਹੀਦੇ ਹਨ, ਦਾ ਪਤਾ ਉਦੋਂ ਲਗਦਾ ਹੈ ਜਦੋਂ ਛੋਟੀਆਂ ਗਲਤੀਆਂ ਭਾਵੇਂ ਜਾਣਬੁੱਝ ਕੇ ਕੀਤੀਆਂ ਹੋਣ ਚਾਹੇ ਅਣਜਾਣ ਪੁਣੇ ਵਿਚ ਹੋਈਆਂ ਹੋਣ ਦੇ ਕਾਰਨ ਮੰਤਰਾਲਾ ਤੱਕ ਛਡਾ ਲਿਆ ਜਾਂਦਾ ਹੈ। ਇਸ ਵੇਲੇ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਸ੍ਰੀ ਮਾਈਕਲ ਵੁੱਡ ਲੋਕਾਂ ਦੀ ਕਚਹਿਰੀ ਅਤੇ ਪਾਰਲੀਮੈਂਟ ਦੇ ਵਿਚ ਵਿਰੋਧੀ ਧਿਰ ਦੇ ਪ੍ਰਸ਼ਨਾਂ ਦੇ ਉਤਰ ਦੇਣ ਵਿਚ ਬੁਰੀ ਤਰ੍ਹਾਂ ਫਸੇ ਨਜ਼ਰ ਆ ਰਹੇ ਹਨ। ਦਰਅਸਲ ਉਨ੍ਹਾਂ ਨੇ 13,000 ਡਾਲਰ ਦੇ ਔਕਲੈਂਡ ਏਅਰਪੋਰਟ ਦੇ 1530 ਸ਼ੇਅਰ ਖਰੀਦੇ ਹੋਏ ਹਨ। ਇਸ ਸਬੰਧੀ ਭਾਵੇਂ ਉਨ੍ਹਾਂ ਟ੍ਰਾਂਸਪੋਰਟ ਮਹਿਕਮਾ ਸੰਭਾਲਣ ਵੇਲੇ ਪਾਰਲੀਮੈਂਟ ਨੂੰ ਦੱਸਿਆ ਹੋਇਆ ਸੀ, ਪਰ ਉਨ੍ਹਾਂ ਨੂੰ ਇਹ ਵੇਚਣੇ ਪੈਣੇ ਸੀ ਕਿਉਂਕਿ ਮੰਤਰਾਲੇ ਅਤੇ ਏਅਰਪੋਰਟ ਸ਼ੇਅਰਾਂ ਦਾ ਸਬੰਧ ਇਕ ਹੀ ਮਹਿਕਮੇ ਨਾਲ ਸੀ ਅਤੇ ਇਹ ਨਿਵੇਸ਼ਕ ਉਦੇਸ਼ ਦੇ ਚਲਦਿਆਂ ਸਮਾਨਅੰਤਰ ਦਿਲਚਸਪੀ ਪੈਦਾ ਕਰਦੇ ਸਨ।
ਇਨ੍ਹਾਂ ਸ਼ੇਅਰਾਂ ਸਬੰਧੀ ਉਨ੍ਹਾਂ ਨੇ ਪਬਲਿਕ ਰਜਿਸਟਰ ਉਤੇ ਇੰਦਰਾਜ ਨਹੀਂ ਕਰਾਇਆ ਸੀ, ਜੋ ਉਨ੍ਹ੍ਹਾਂ ਦੀ ਵੱਡੀ ਗਲਤੀ ਸਾਬਿਤ ਹੋਈ ਹੈ। ਮੰਤਰੀ ਸਾਹਿਬ ਨੇ ਉਨ੍ਹਾਂ ਸੋਚਿਆ ਸੀ ਕਿ ਸ਼ੇਅਰ ਵੇਚ ਤਾਂ ਦੇਣੇ ਹਨ, ਰਹਿਣ ਦਿੰਦੇ ਹਾਂ ਜਨਤਕ ਰਜਿਸਟਰ ਉਤੇ ਦਰਜ ਕਰਨ ਨੂੰ। ਪਰ ਪੈੜ ਦੱਬਣ ਵਾਲੇ ਦੱਬ ਗਏ ਪੈੜ…
ਇਮੀਗ੍ਰੇਸ਼ਨ ਮੰਤਰੀ ਨੂੰ ਕੈਬਨਿਟ ਵੱਲੋਂ ਵਾਰ-ਵਾਰ ਯਾਦ ਵੀ ਕਰਵਾਇਆ ਗਿਆ ਕਿ ਮੰਤਰੀ ਸਾਹਿਬ ਆਪਣੇ ਸ਼ੇਅਰ ਵੇਚ ਦਿਓ, ਪਰ ਉਹ ਸ਼ੇਅਰ ਵੇਚਣ ਦਾ ਸਮਾਂ ਨਾ ਕੱਢ ਸਕੇ ਕਿਉਂਕਿ ਉਹ ਦਸਦੇ ਹਨ ਕਿ ਉਹ ਹਰ ਹਫਤੇ 80-90 ਘੰਟੇ ਕੰਮ ਕਰਦੇ ਹਨ। ਆਖਿਰ ਬੀਤੇ ਦਿਨ ਪ੍ਰਧਾਨ ਮੰਤਰੀ ਨੂੰ ਵਿਰੋਧੀਆਂ ਦੇ ਤਾਹਨੇ-ਮਿਹਨੇ ਸੁਣਦਿਆਂ ਉਨ੍ਹਾਂ ਨੂੰ ਟ੍ਰਾਂਸਪੋਰਟ ਮਹਿਕਮੇ ਤੋਂ ਹਟਾ ਦਿੱਤਾ ਗਿਆ ਹੈ। ਐਕਟ ਅਤੇ ਨੈਸ਼ਨਲ ਪਾਰਟੀ ਨੇ ਅੱਜ ਪਾਰਲੀਮੈਂਟ ਦੇ ਵਿਚ ਇਸ ਮਸਲੇ ਨੂੰ ਹੋਰ ਘੜੀਸਿਆ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਦੀ ਰਵਾਇਤ ਕਾਇਮ ਰੱਖਣੀ ਹੈ ਤਾਂ ਸ੍ਰੀ ਮਾਈਕਲ ਵੁੱਡ ਨੂੰ ਕਿਸੇ ਵੀ ਮੰਤਰਾਲੇ ਤੋਂ ਲਾਂਭੇ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ 12 ਵਾਰ ਕੈਬਿਨਟ ਵੱਲੋਂ ਕਿਹਾ ਗਿਆ ਕਿ ਸ਼ੇਅਰ ਵੇਚ ਦਿਓ ਪਰ ਨਹੀਂ ਵੇਚੇ ਗਏ। ਔਕਲੈਂਡ ਏਅਰਪੋਰਟ ਤੋਂ ਇਲਾਵਾ ਉਨ੍ਹਾਂ ਕੋਲ 343 ਸ਼ੇਅਰ ਕਨਟੈਕਟ ਏਨਰਜ਼ੀ ਦੇ ਵੀ ਹਨ ਜੋ ਕਿ 2700 ਡਾਲਰ ਦੇ ਹਨ।