ਸਰੀ, 1 ਸਤੰਬਰ 2020 – ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਣ ਦੀ ਸੇਵਾ ਬੜੀ ਸ਼ਰਧਾ ਅਤੇ ਉਤਸ਼ਾਹ ਕੀਤੀ ਗਈ। ਚੋਲਾ ਚੜ੍ਹਾਉਣ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਉਪਰੰਤ ਚੋਲਾ ਸਾਹਿਬ ਉਤਾਰਿਆ ਗਿਆ ਅਤੇ ਫਿਰ ਨਿਸ਼ਾਨ ਸਾਹਿਬ ਨੂੰ ਜਲ ਨਾਲ ਧੋਣ ਮਗਰੋਂ ਨਵਾਂ ਚੋਲਾ ਸਾਹਿਬ ਚੜ੍ਹਾਇਆ ਗਿਆ। ਕੋਰੋਨਾ ਕਾਰਨ ਸੀਮਤ ਗਿਣਤੀ ਵਿਚ ਸੰਗਤਾਂ ਹਾਜਰ ਸਨ ਅਤੇ ਕੀਰਤਨ ਪ੍ਰਵਾਹ ਚੱਲਦਾ ਰਿਹਾ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਜੱਬਲ ਨੇ ਇਸ ਮੌਕੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਿਸ਼ਾਨ ਸਾਹਿਬ ਦੀ ਸੇਵਾ ਹਰ ਸਾਲ ਅਪ੍ਰੈਲ ਮਹੀਨੇ ਵਿਚ ਕੀਤੀ ਜਾਂਦੀ ਹੈ ਪਰ ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਇਹ ਸੇਵਾ ਅਪ੍ਰੈਲ ਵਿਚ ਨਹੀਂ ਕਰ ਸਕੇ। ਉਨ੍ਹਾਂ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਇਸ ਮੌਕੇ ਚਾਹ ਪਾਣੀ ਦਾ ਲੰਗਰ ਵਰਤਾਇਆ ਗਿਆ।