ਪਣਜੀ,2 ਸਤੰਬਰ -ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ| ਪ੍ਰਮੋਦ ਸਾਵੰਤ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ| ਉਹ ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ, ਮੱਧ ਪ੍ਰਦੇਸ਼ ਦੇ ਸ਼ਿਵਰਾਜ ਚੌਹਾਨ ਅਤੇ ਹਰਿਆਣਾ ਦੇ ਮਨੋਹਰ ਲਾਲ ਖੱਟੜ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਸੂਬੇ ਦੇ ਚੌਥੇ ਮੁੱਖ ਮੰਤਰੀ ਹਨ, ਜੋ ਕੋਰੋਨਾ ਦੀ ਲਪੇਟ ਵਿੱਚ ਆਏ ਹਨ| ਯੇਦੀਯੁਰੱਪਾ ਅਤੇ ਸ਼ਿਵਰਾਜ ਸਿੰਘ ਚੌਹਾਨ ਵਾਇਰਸ ਨੂੰ ਮਾਤ ਦੇ ਚੁੱਕੇ ਹਨ, ਜਦੋਂ ਕਿ ਖੱਟੜ ਦਾ ਗੁਰੂਗ੍ਰਾਮ ਦੇ ਮੇਦਾਂਤਾ ਵਿੱਚ ਇਲਾਜ ਚੱਲ ਰਿਹਾ ਹੈ|
ਪ੍ਰਮੋਦ ਸਾਵੰਤ ਨੇ ਖੁਦ ਨੂੰ ਕੋਰੋਨਾ ਇਨਫੈਕਸ਼ਨ ਹੋਣ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ,”ਮੈਂ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਮੈਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹਾਂ| ਮੇਰੇ ਵਿੱਚ ਕੋਰੋਨਾ ਦੇ ਲੱਛਣ ਨਹੀਂ ਹਨ ਅਤੇ ਘਰ ਵਿੱਚ ਹੀ ਆਈਸੋਲੇਸ਼ਨ ਵਿੱਚ ਹਾਂ ਅਤੇ ਘਰੋਂ ਹੀ ਸਾਰੇ ਕੰਮ ਨਿਪਟਾਉਂਦਾ ਰਹਾਂਗਾ| ਮੇਰੀ ਉਨ੍ਹਾਂ ਸਾਰਿਆਂ ਨੂੰ ਅਪੀਲ ਹੈ, ਜੋ ਵੀ ਮੇਰੇ ਸੰਪਰਕ ਵਿੱਚ ਆਏ ਹਨ, ਉਹ ਸਾਰੇ ਲੋਕ ਜ਼ਰੂਰੀ ਸਾਵਧਾਨੀ ਵਰਤਣ|”