ਫਰੀਦਾਬਾਦ, 19 ਅਗਸਤ – ਬੀਤੇ ਦਿਨੀਂ ਹਰਿਆਣਾ ਦੇ ਜ਼ਿਲ੍ਹੇ ਫਰੀਦਾਬਾਦ ਦੇ ਜਸਾਨਾ ਪਿੰਡ ਵਿੱਚ ਵਾਪਰੇ ਦੋਹਰੇ ਕਤਲਕਾਲ ਨੇ ਨਵਾਂ ਮੋੜ ਲੈ ਲਿਆ ਹੈ| ਪੁਲੀਸ ਦੀ ਪੁੱਛ-ਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਮੋਨਿਕਾ ਦਾ ਭਰਾ ਹੀ ਕਤਲ ਦਾ ਮਾਸਟਰਮਾਈਂਡ ਸੀ| ਮੋਨਿਕਾ ਦੇ ਭਰਾ ਬ੍ਰਹਮਜੀਤ ਨੇ ਹੀ ਆਪਣੀ ਭੈਣ ਅਤੇ ਜੀਜਾ ਦਾ ਕਤਲ ਕਰਵਾਇਆ ਸੀ| 14 ਅਗਸਤ ਨੂੰ ਫੜੇ ਗਏ 4 ਦੋਸ਼ੀਆਂ ਤੋਂ ਪੁੱਛ-ਗਿੱਛ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਹੈ| ਦੋਸ਼ੀਆਂ ਨੇ ਦੱਸਿਆ ਕਿ ਇਸ ਦੋਹਰੇ ਕਤਲ ਦੀ ਸਾਜਿਸ਼ ਮੋਨਿਕਾ ਦੇ ਭਰਾ ਬ੍ਰਹਮਜੀਤ ਨੇ ਰਚੀ ਸੀ| ਦੋਸ਼ੀ ਬ੍ਰਹਮਜੀਤ ਨੂੰ ਉਸ ਦੇ ਪਿੰਡ ਜਸਾਨਾ ਤੋਂ ਪੁਲਸ ਨੇ ਬੀਤੇ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਹੈ|
ਪੁੱਛ-ਗਿੱਛ ਦੌਰਾਨ ਮੋਨਿਕਾ ਦੇ ਭਰਾ ਬ੍ਰਹਮਜੀਤ ਨੇ ਆਪਣਾ ਜ਼ੁਰਮ ਕਬੂਲ ਕਰਦਿਆਂ ਕਿਹਾ ਕਿ ਉਸ ਦੇ ਜੀਜਾ ਮ੍ਰਿਤਕ ਸੁਖਬੀਰ ਕੋਲ ਉਸ ਦੀ ਪਤਨੀ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਸਨ, ਜਿਸ ਦੇ ਚੱਲਦਿਆਂ ਘਰ ਵਿੱਚ ਕਲੇਸ਼ ਵੀ ਹੋਇਆ ਸੀ| ਕਲੇਸ਼ ਤੋਂ ਤੰਗ ਆ ਕੇ ਉਸ ਨੇ ਆਪਣੇ ਸਾਲੇ ਵਿਸ਼ਨੂੰ ਨਾਲ ਮਿਲ ਕੇ ਆਪਣੇ ਜੀਜਾ ਅਤੇ ਭੈਣ ਦੇ ਕਤਲ ਦੀ ਸਾਜਿਸ਼ ਰਚੀ| ਫਰੀਦਾਬਾਦ ਪੁਲੀਸ ਨੇ ਬ੍ਰਹਮਜੀਤ ਦੇ ਸਾਲੇ ਵਿਸ਼ਨੂੰ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ| ਪੁਲੀਸ ਨੇ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੀਦਾਬਾਦ ਪੁਲੀਸ ਨੇ ਕਤਲ ਵਿੱਚ ਇਸਤੇਮਾਲ ਕੀਤੀ ਪਿਸਤੌਲ, ਇਕ ਜ਼ਿੰਦਾ ਕਾਰਤੂਸ ਅਤੇ ਇਕ ਚੋਰੀ ਦੀ ਮੋਟਰਸਾਈਕਲ ਮੇਰਠ ਸ਼ਹਿਰ ਨੇੜਿਓਂ ਝਾੜੀਆਂ ਵਿੱਚੋਂ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਬਰਾਮਦ ਕੀਤੀਆਂ ਹਨ| ਬ੍ਰਹਮਜੀਤ ਦੇ ਸਾਲੇ ਵਿਸ਼ਨੂੰ ਨੇ ਵਾਰਦਾਤ ਦੇ 15 ਦਿਨ ਪਹਿਲਾਂ ਹੀ ਵਾਰਦਾਤ ਵਿੱਚ ਇਸਤੇਮਾਲ ਕੀਤਾ ਗਿਆ ਅਸਲਾ ਆਪਣੇ ਜੀਜਾ ਬ੍ਰਹਮਜੀਤ ਨੂੰ ਲਿਆ ਕੇ ਦਿੱਤਾ ਸੀ| ਵਾਰਦਾਤ ਵਾਲੇ ਦਿਨ ਬ੍ਰਹਮਜੀਤ ਨੇ ਇਹ ਅਸਲਾ ਵਾਪਸ ਵਿਸ਼ਨੂੰ ਨੂੰ ਦੇ ਦਿੱਤਾ| ਪੁੱਛ-ਗਿੱਛ ਦੌਰਾਨ ਮੁੱਖ ਦੋਸ਼ੀ ਵਿਸ਼ਨੂੰ ਨੇ ਦੱਸਿਆ ਕਿ ਉਸ ਦੀ ਭੈਣ ਦੀਆਂ ਕੁਝ ਤਸਵੀਰਾਂ ਮ੍ਰਿਤਕ ਸੁਖਬੀਰ ਕੋਲ ਸਨ| ਜਿਸ ਨੂੰ ਲੈ ਕੇ ਸੁਖਬੀਰ, ਉਸ ਦੀ ਭੈਣ (ਮੋਨਿਕਾ ਦੀ ਭਰਜਾਈ) ਨੂੰ ਬਲੈਕਮੇਲ ਕਰ ਰਿਹਾ ਸੀ| ਜਿਸ ਕਾਰਨ 11 ਅਗਸਤ ਨੂੰ ਮੋਨਿਕਾ ਅਤੇ ਉਸ ਦੇ ਪਤੀ ਸੁਖਬੀਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ|