ਅੰਮ੍ਰਿਤਸਰ, 19 ਅਗਸਤ 2020 : ਸਾਬਕਾ ਪ੍ਰਧਾਨ ਮਾਝਾ ਜ਼ੋਨ ਕੁਲਦੀਪ ਸਿੰਘ ਧਾਲੀਵਾਲ, ਡਾ: ਇੰਦਰਬੀਰ ਸਿੰਘ ਨਿੱਝਰ, ਅਸ਼ੋਕ ਤਲਵਾੜ, ਮਨੀਸ਼ ਅਗਰਵਾਲ ਅਤੇ ਜਸਬੀਰ ਸਿੰਘ ਸੁਰ ਸਿੰਘ ਸਮੇਤ ‘ਆਪ’ ਨੇਤਾਵਾਂ ਦੇ ਇੱਕ ਵਫ਼ਦ ਵਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ (ਜ) ਡਾ. ਹਿਮਾਂਸ਼ੂ ਅਗਰਵਾਲ ਨੂੰ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਗੁਰੂ ਨਾਨਕ ਹਸਪਤਾਲ
) ਵਿੱਚ ਦਾਖਲ ਹੋਏ ਇੱਕ ਕੋਰੋਨਾ ਮਰੀਜ਼ ਵੱਲੋਂ ਖੁਦਕੁਸ਼ੀ ਦੀ ਇੱਕ ਦੁਖਦਾਈ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕਰਦਿਆਂ ਇੱਕ ਮੰਗ ਪੱਤਰ ਸੌਂਪਿਆ ਗਿਆ। ਵਫ਼ਦ ਨੇ ਸਰਕਾਰੀ ਕੁਆਰੰਟੀਨ ਸੈਂਟਰਾਂ ਵਿਚ ਉੱਚਿਤ ਸੁਵਿਧਾ ਨਾਲ ਲੈਸ ਬਾਥਰੂਮਾਂ, ਪੀਣ ਵਾਲੇ ਪਾਣੀ, ਭੋਜਨ, ਦਵਾਈਆਂ ਆਦਿ ਵਰਗੀਆਂ ਸਹੂਲਤਾਂ ਦੀ ਘਾਟ ‘ਤੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਹਨਾਂ ਸਹੂਲਤਾਂ ਦੀ ਅਣਹੋਂਦ ਕਾਰਨ ਮਰੀਜ਼ ਪ੍ਰੇਸ਼ਾਨ ਅਤੇ ਅਸੁਰੱਖਿਅਤ ਮਹਿਸੂਸ ਕਰਦੇ ਹਨ। ‘ਆਪ’ ਨੇਤਾਵਾਂ ਨੇ ਕਿਹਾ ਕਿ ਤਾਜ਼ਾ ਮੰਦਭਾਗੀ ਘਟਨਾ ਨਿਰਾਸ਼ਾਜਨਕ ਸਹੂਲਤਾਂ ਦਾ ਨਤੀਜਾ ਹੈ ਅਤੇ ਅਮਰਿੰਦਰ ਸਰਕਾਰ ਦੇ ਝੂਠਾਂ ਦਾ ਇਕ ਵਾਰ ਫਿਰ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇ ਸਰਕਾਰ ਨੇ ਕੋਰੋਨਾ ਰੋਗੀਆਂ ਦਾ ਇਲਾਜ ਕਰਨ ਦੇ ਕਾਫ਼ੀ ਪ੍ਰਬੰਧ ਕੀਤੇ ਹਨ ਤਾਂ ਫਿਰ ਮੰਤਰੀ, ਨੌਕਰਸ਼ਾਹ ਅਤੇ ਹੋਰ ਵੀਆਈਪੀ ਸਰਕਾਰੀ ਕੁਆਰੰਟੀਨ ਸੈਂਟਰਾਂ ਵਿਚ ਇਲਾਜ ਕਿਉਂ ਨਹੀਂ ਕਰਵਾ ਰਹੇ ਹਨ। ਇਸ ਨੂੰ ਪੱਖਪਾਤੀ ਪਹੁੰਚ ਦੱਸਦਿਆਂ ‘ਆਪ’ ਦੇ ਡੈਲੀਗੇਟਾਂ ਨੇ ਮੰਗ ਕੀਤੀ ਕਿ ਅਜਿਹੇ ਸਾਰੇ ਵੀਵੀਆਈਪੀਜ਼, ਜਿਨ੍ਹਾਂ ਦਾ ਟੈਸਟਿੰਗ ਕੋਰੋਨਾ ਪਾਜ਼ਿਟਿਵ ਹੈ, ਨੂੰ ਸਰਕਾਰੀ ਸਿਹਤ ਸਹੂਲਤਾਂ ਵਿੱਚ ਦਾਖਲ ਕੀਤਾ ਜਾਣਾ ਚਾਹੀਦਾ ਹੈ ਅਤੇ ਆਮ ਲੋਕਾਂ ਦੇ ਬਰਾਬਰ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਖੋਖਲੇ ਦਾਅਵੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਸਰਕਾਰੀ ਕੋਰੋਨਾ ਕੇਅਰ ਸੈਂਟਰਾਂ ਵਿਚ ਬਣਦੀਆਂ ਸਹੂਲਤਾਂ ਦੇ ਕੇ ਮਾਰੂ ਵਾਇਰਸ ਨਾਲ ਲੜਨ ‘ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।