ਬਰਨਾਲਾ, 14 ਅਗਸਤ 2020 – ਕਸਬਾ ਹੰਡਿਆਇਆ ਦੇ ਸੈਦੋ ਪੱਤੀ ਮੁਹੱਲੇ ‘ਚ 3 ਗੁਆਂਢੀ ਔਰਤਾਂ ਤੋਂ ਤੰਗ ਆ ਕੇ 12 ਅਗਸਤ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਹੋਈ ਲੱਛਮੀ ਕੌਰ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਤੋਂ ਭੜਕੇ ਲੋਕਾਂ ਨੇ ਵੀਰਵਾਰ ਦੀ ਰਾਤ ਤੋਂ ਹੀ ਪੁਲਿਸ ਚੌਂਕੀ ਹੰਡਿਆਇਆ ਅੱਗੇ ਲਾਸ਼ ਰੱਖ ਕੇ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਹੈ। ਪਰੰਤੂ ਪੁਲਿਸ ਅਧਿਕਾਰੀ ਹਾਲੇ ਤੱਕ ਟੱਸ ਤੋਂ ਮੱਸ ਨਹੀਂ ਹੋਏ। ਜਿਸ ਕਾਰਨ ਰਾਤ ਨੂੰ ਸੰਕੇਤਕ ਤੌਰ ‘ਤੇ ਸ਼ੁਰੂ ਹੋਇਆ ਰੋਸ ਪ੍ਰਦਰਸ਼ਨ ਹੁਣ ਤੱਕ ਵੱਡੇ ਇਕੱਠ ਦਾ ਰੂਪ ਧਾਰਨ ਕਰ ਚੁੱਕਿਆ ਹੈ। ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੁਹੱਲਾ ਵਾਸੀਆਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਕਮਿਊਨਿਸਟ ਪਾਰਟੀ ਤੇ ਹੋਰ ਸਮਾਜਿਕ ਅਤੇ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਪ੍ਰਦਰਸ਼ਨ ‘ਚ ਸ਼ਾਮਿਲ ਹੋ ਗਏ ਹਨ। ਜਦੋਂ ਕਿ ਕੁਝ ਕਾਂਗਰਸੀ ਆਗੂ ਪ੍ਰਦਰਸ਼ਨਕਾਰੀਆਂ ਦੇ ਨਿਸ਼ਾਨੇ ਤੇ ਹਨ। ਪ੍ਰਦਰਸ਼ਨਕਾਰੀ ਜਿੱਥੇ ਲੱਛਮੀ ਕੌਰ ਦੇ ਹੱਤਿਆਰਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਤੇ ਅੜੇ ਹੋਏ ਹਨ। ਉੱਥੇ ਹੀ ਉਹ ਦੋਸ਼ੀ ਧਿਰ ਦਾ ਪੱਖ ਪੂਰ ਰਹੇ ਕਾਂਗਰਸੀ ਆਗੂਆਂ ਦੇ ਖਿਲਾਫ ਜਬਰਦਸਤ ਨਾਰੇਬਾਜੀ ਵੀ ਕਰ ਰਹੇ ਹਨ।