ਸ੍ਰੀ ਮੁਕਤਸਰ ਸਾਹਿਬ, 6 ਸਤੰਬਰ 2020 – 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮ ਦਿਹਾੜੇ ‘ਤੇ ਖਟਕੜ ਕਲਾਂ ਵਿਖੇ ਕੀਤੇ ਜਾ ਰਹੇ ਸੂਬਾ ਪੱਧਰੀ ਇਕੱਠ ਦੀਆਂ ਤਿਆਰੀਆਂ ਲਈ ਨੌਜਵਾਨ ਭਾਰਤ ਸਭਾ ਵੱਲੋਂ ਜ਼ਿਲ੍ਹੇ ਦੇ ਸਰਗਰਮ ਆਗੂਆਂ ਤੇ ਕਾਰਕੁੰਨਾਂ ਦੀ ਵਿਸਥਾਰੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਮੰਗਾ ਅਜ਼ਾਦ, ਜ਼ਿਲ੍ਹਾ ਪ੍ਰਧਾਨ ਲਖਵੰਤ ਕਿਰਤੀ ਨੇ ਕਿਹਾ ਕਿ ਮੌਜੂਦਾ ਦੌਰ ‘ਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਨਾਉਣਾ ਬਹੁਤ ਜਰੂਰੀ ਹੈ ਕਿਉਂਕਿ ਕੇਂਦਰ ਸਰਕਾਰ ‘ਚ ਸੱਤਾ ‘ਤੇ ਕਾਬਜ਼ ਸਰਕਾਰ ਨੰਗੀ ਚਿੱਟੀ ਤਾਨਾਸ਼ਾਹੀ ਲਾਗੂ ਕਰ ਰਹੀ ਹੈ। ਕਰੋਨਾ ਮਹਾਂਮਾਰੀ ਨੂੰ ਵਰਤ ਕੇ ਸਰਕਾਰ ਬੁੱਧੀਜੀਵੀਆਂ, ਲੇਖਕਾਂ , ਵਿਦਿਆਰਥੀ ਆਗੂਆਂ ਅਤੇ ਅਗਾਂਹਵਧੂ ਵਿਚਾਰਾਂ ਦੇ ਲੋਕਾਂ ਨੂੰ ਜੇਲ੍ਹਾਂ ਅੰਦਰ ਡੱਕ ਰਹੀ ਹੈ। ਉਨ੍ਹਾਂ ਕਿਹਾ ਕਿ ਬਾਬਰੀ ਮਸਜਿਦ ਢਾਹ ਕੇ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ, ਜੰਮੂ ਕਸ਼ਮੀਰ ‘ਚੋਂ ਧਾਰਾ 370 ਅਤੇ 35 ਹਟਾ ਕੇ ਲੋਕਾ ਨੂੰ ਖੁੱਲ੍ਹੀ ਜੇਲ੍ਹ ‘ਚ ਬੰਦ ਕਰਨਾ, ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕ ਰਜਿਸਟਰ,ਕੌਮੀ ਆਬਾਦੀ ਰਜਿਸਟਰ, ਬਿਜਲੀ ਸੋਧ ਬਿੱਲ 2020 , ਨਵੀ ਸਿਖਿਆ ਨੀਤੀ, ਕਿਸਾਨੀ ਵਿਰੋਧੀ ਖੇਤੀ ਆਰਡੀਨੈਸ, ਕਸ਼ਮੀਰ ‘ਚੋਂ ਪੰਜਾਬੀ ਭਾਸ਼ਾ ਦਾ ਦਰਜਾ ਖਤਮ ਕਰਨਾ ਸੰਘ ਦੇ ਏਸੇ ਫਾਸ਼ੀਵਾਦੀ ਅਜੰਡੇ ਤਹਿਤ ਪੁੱਟਿਆ ਕਦਮ ਹੈ। ਜ਼ਿਲ੍ਹਾ ਸਕੱਤਰ ਜਗਜੀਤ ਨਾਬਰ , ਪ੍ਰਦੀਪ ਕੌਰ, ਰਾਜਦੀਪ ਸਮਾਘ, ਹਰਜਿੰਦਰ ਖੋਖਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਮੋਦੀ ਦੇ ਰਾਹ ‘ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਬਰਾਬਰੀ ਵਾਲਾ ਸਮਾਜ ਸਿਰਜ ਕੇ ਹੀ ਲੋਕਾਂ ਦੀ ਹੋਣੀ ਸੁਧਰ ਸਕਦੀ ਹੈ। ਨੌਜਵਾਨਾਂ ਲੋਕਾਂ ਨੂੰ ਅਪੀਲ ਕੀਤੀ ਕਿ 28 ਸਤੰਬਰ ਨੂੰ ਵੱਡੀ ਗਿਣਤੀ ‘ਚ ਖਟਕੜ ਕਲਾਂ ਪਹੁੰਚਣ। ਇਸ ਮੌਕੇ ਗੁਰਤੇਜ ਵੜਿੰਗ, ਅਮਨਦੀਪ ਸਮਾਘ, ਨਵਜੋਤ ਚੱਕ, ਰਮਨਦੀਪ ਸਿੱਧੂ, ਸੁਖਪਿੰਦਰ ਸਿੰਘ, ਅਕਾਸ਼ਦੀਪ ਮੌੜ, ਗੁਰਨਾਇਬ ਕੋਟਲੀ ਆਦਿ ਹਾਜ਼ਰ ਸਨ।