ਚੰਡੀਗੜ੍ਹ, 14 ਅਗਸਤ 2020 – ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਸਰਕਾਰ ਵੱਲੋਂ ਤਾਜ਼ਾ ਜਾਰੀ ਕੀਤਾ ਪੱਤਰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਵਿੱਚ ਸਰਕਾਰ ਨੇ ਪੈੱਨ ਡਾਊਨ ਹੜਤਾਲ ਦੌਰਾਨ ਸਕੱਤਰੇਤ ਵਿੱਚ ਹੋ ਰਹੀਆਂ ਮੁਲਾਜ਼ਮ ਰੈਲੀਆਂ ਕਾਰਨ ਕੋਰੋਨਾ ਫੈਲਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਮੁਲਾਜ਼ਮਾਂ ਨੇ ਸਕੱਤਰੇਤ ਵਿਖੇ ਇਹ ਪੱਤਰ ਫੂਕਿਆ।
ਚੇਤੇ ਰਹੇ ਕਿ ਸਰਕਾਰ ਵੱਲੋਂ ਜਾਰੀ ਕੀਤੇ ਤਾਜ਼ਾ ਪੱਤਰ ਵਿੱਚ ਕੋਰੋਨਾ ਸਬੰਧੀ ਹੋਰ ਹਦਾਇਤਾਂ ਦੇ ਨਾਲ ਨਾਲ ਇਹ ਵੀ ਕਿਹਾ ਗਿਆ ਹੈ ਕਿ ਸਕੱਤਰੇਤ ਐਸੋਸੀਏਸ਼ਨ ਦੇ ਸੱਦੇ ਤੇ ਮੁਲਾਜ਼ਮਾਂ ਵੱਲੋਂ ਪੈੱਨ ਡਾਊਨ ਕਰਕੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਕੋਰੋਨਾ ਵਧਣ ਦਾ ਖਤਰਾ ਬਣਿਆ ਹੋਇਆ ਹੈ। ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਅਤੇ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਕੋਰੋਨਾ ਦੀ ਆੜ ਹੇਠ ਸਰਕਾਰ ਮੁਲਾਜ਼ਮਾਂ ਦੇ ਸੰਘਰਸ਼ ਨੂੰ ਕੁਚਲ ਨਹੀਂ ਸਕਦੀ। ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਆਪਣੇ ਤਿੰਨ ਵਿਵਾਦਿਤ ਪੱਤਰ ਵਾਪਸ ਲਵੇ ਅਤੇ ਡੀ.ਏ., ਪਰਖਕਾਲ ਨਾਲ ਸਬੰਧਤ ਅਤੇ ਹੋਰ ਸਮੂਹ ਅਹਿਮ ਮੰਗਾਂ ਤੁਰੰਤ ਪੂਰੀਆਂ ਕਰੇ।