ਅੰਮ੍ਰਿਤਸਰ, 8 ਅਗਸਤ 2020 – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਦਿਨੇਸ਼ ਬੱਸੀ ਦੀ ਕੋਵਿੱਡ-19 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਦੇ ਦਫਤਰ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਦਿਨੇਸ਼ ਬੱਸੀ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਉਨ੍ਹਾਂ ਦੇ ਸਰੀਰ ‘ਚ ਕੋਰੋਨਾ ਵਾਇਰਸ ਦੇ ਲੱਛਣ ਸਾਹਮਣੇ ਆ ਰਹੇ ਸਨ। ਜਿਸਦੀ ਜਾਂਚ ਕਰਨ ਤੋਂ ਬਾਅਦ ਅੱਜ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਬੀਤੇ ਦਿਨਾਂ ਦੌਰਾਨ ਜੋ ਵੀ ਲੋਕ ਉਨ੍ਹਾਂ ਦੇ ਸੰਪਰਕ ‘ਚ ਆਏ ਹਨ। ਉਹ ਆਪਣੀ ਜਾਂਚ ਜਰੂਰ ਕਰਵਾਉਣ ਅਤੇ ਇਕਾਂਤਵਸ ‘ਚ ਚਲੇ ਜਾਣ ਤਾਂ ਜੋ ਲਾਗ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦੌਰਾਨ ਐਸ. ਈ. ਰਾਜੀਵ ਸੇਖੜੀ ਨੇ ਕਿਹਾ ਕਿ ਫਿਲਹਾਲ ਅਗਲੇ 2 ਦਿਨਾਂ ਲਈ ਦਫਤਰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਦੌਰਾਨ ਪੂਰੇ ਦਫਤਰ ਨੂੰ ਸੈਨੀਟਾਇਜ ਕੀਤਾ ਜਾਵੇਗਾ।