ਨਵੀਂ ਦਿੱਲੀ, 8 ਅਗਸਤ – ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ, ਬੀ. ਸਾਈ. ਪ੍ਰਣੀਤ ਅਤੇ ਐਨ. ਸਿਕੀ ਰੈਡੀ ਕੋਰਨਾ ਵਾਇਰਸ ਦੇ ਕਾਰਣ 4 ਮਹੀਨਿਆਂ ਤਕ ਕੋਰਟ ਤੋਂ ਦੂਰ ਰਹਿਣ ਤੋਂ ਬਾਅਦ ਹੈਦਰਾਬਾਦ ਸਥਿਤ ਭਾਰਤੀ ਖੇਡ ਅਥਾਰਟੀ (ਸਾਈ) ਪੁਲੇਲਾ ਗੋਪੀਚੰਦ ਬੈਡਮਿੰਟਨ ਅਕੈਡਮੀ ਵਿੱਚ ਸਖਤ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਅਭਿਆਸ ਲਈ ਪਹੁੰਚੇ| ਤੇਲੰਗਾਨਾ ਸਰਕਾਰ ਤੋਂ 1 ਅਗਸਤ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਸਾਈ ਨੇ ਓਲੰਪਿਕ ਦੀ ਟਿਕਟ ਹਾਸਲ ਕਰਨ ਵਾਲੇ ਸੰਭਾਵਿਤ 8 ਖਿਡਾਰੀਆਂ ਲਈ ਰਾਸ਼ਟਰੀ ਬੈਡਮਿੰਟਨ ਕੈਂਪ ਸ਼ੁਰੂ ਕਰਨ ਦਾ ਫੈਸਲਾ ਕੀਤਾ|
ਰਾਸ਼ਟਰੀ ਮੁੱਖ ਕੋਚ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ,”ਮੈਂ ਇਸ ਲੰਬੀ ਬ੍ਰੇਕ ਤੋਂ ਬਾਅਦ ਅਭਿਆਸ ਲਈ ਆਪਣੇ ਚੋਟੀ ਦੇ ਖਿਡਾਰੀਆਂ ਨੂੰ ਵਾਪਸ ਦੇਖ ਕੇ ਬਹੁਤ ਖੁਸ਼ ਹਾਂ| ਅਸੀਂ ਸੁਰੱਖਿਅਤ ਵਾਤਾਵਰਣ ਵਿਚ ਟ੍ਰੇਨਿੰਗ ਫਿਰ ਤੋਂ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ|” ਓਲੰਪਿਕ ਲਈ ਕੁਆਲੀਫਾਈ ਕਰਨ ਦੀ ਦੌੜ ਵਿਚ ਜਿਹੜੇ 8 ਖਿਡਾਰੀ ਸ਼ਾਮਲ ਹਨ, ਉਨ੍ਹਾਂ ਵਿਚ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ, ਸਾਬਕਾ ਵਿਸ਼ਵ ਨੰਬਰ ਇਕ ਕਿਦਾਂਬੀ ਸ਼੍ਰੀਕਾਂਤ, ਮਹਿਲਾ ਡਬਲਜ਼ ਖਿਡਾਰੀ ਅਸ਼ਿਵਨੀ ਪੋਨੱਪਾ ਤੇ ਪੁਰਸ਼ ਡਬਲਜ਼ ਵਿਚ ਚਿਰਾਗ ਸ਼ੈਟੀ ਤੇ ਸਾਤਵਿਕ ਸਾਈਰਾਜ ਦੀ ਜੋੜੀ ਵੀ ਸ਼ਾਮਲ ਹਨ|
ਹੈਦਰਾਬਾਦ ਵਿਚ ਰਹਿਣ ਵਾਲੀ ਸਾਇਨਾ ਨੇ ਹਾਲਾਂਕਿ ਅਭਿਆਸ ਵਿਚ ਹਿੱਸਾ ਨਹੀਂ ਲਿਆ ਜਦਕਿ ਮਾਰਚ ਵਿੱਚ ਆਪਣੇ-ਆਪਣੇ ਘਰਾਂ ਨੂੰ ਚਲੇ ਗਏ ਹੋਰ ਖਿਡਾਰੀ ਅਜੇ ਵਾਪਸ ਨਹੀਂ ਪਰਤੇ ਹਨ| ਸਿੰਧੂ ਅਭਿਆਸ ਸ਼ੁਰੂ ਕਰਨ ਪਹੁੰਚਣ ਵਾਲੀ ਸਭ ਤੋਂ ਪਹਿਲੀ ਖਿਡਾਰੀ ਸੀ, ਜਿਸ ਨੇ ਗੋਪੀਚੰਦ ਤੇ ਵਿਦੇਸ਼ੀ ਕੋਰ ਪਾਰਕ ਤੇਈ-ਸਾਂਗ ਦੀ ਅਗਵਾਈ ਵਿਚ ਅਭਿਆਸ ਕੀਤਾ| ਸਿੰਧੂ ਤੋਂ ਬਾਅਦ ਪ੍ਰਣੀਤ ਤੇ ਸਿੱਕੀ ਨੇ ਵੀ ਅਭਿਆਸ ਕੀਤਾ|