ਨਵੀਂ ਦਿੱਲੀ, 31 ਜੁਲਾਈ- ਪੁਲੀਸ ਨੇ ਇਕ ਅਜਿਹੇ ਆਯੂਰਵੈਦਿਕ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਗਿਰੋਹ ਬਣਾ ਕੇ 100 ਤੋਂ ਵੱਧ ਟਰੱਕ ਡਰਾਈਵਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ| ਉਸ ਦਾ ਗਿਰੋਹ ਵਿਸ਼ੇਸ਼ ਰੂਪ ਨਾਲ ਐਲ.ਪੀ.ਜੀ. ਸਿਲੰਡਰ ਲਿਜਾਉਣ ਵਾਲੇ ਟਰੱਕ ਡਰਾਈਵਰਾਂ ਨੂੰ ਸ਼ਿਕਾਰ ਬਣਾਉਂਦਾ ਸੀ|
ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਡੀ.ਸੀ.ਪੀ. (ਕ੍ਰਾਈਮ) ਰਾਕੇਸ਼ ਪਵੇਰੀਆ ਨੇ ਦੱਸਿਆ ਕਿ ਇਹ ਡਾਕਟਰ ਹੈ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹਾ ਸਥਿਤ ਪੁਰੇਨੀ ਪਿੰਡ ਦਾ ਰਹਿਣ ਵਾਲਾ ਦੇਵੇਂਦਰ ਸ਼ਰਮਾ| ਉਹ ਪੈਰੋਲ ਤੋਂ ਦੌੜ ਕੇ ਜਨਵਰੀ ਤੋਂ ਉੱਥੇ ਰਹਿ ਰਿਹਾ ਸੀ| ਪੁੱਛ-ਗਿੱਛ ਵਿੱਚ ਡਾਕਟਰ ਨੇ ਕਬੂਲ ਕੀਤਾ ਕਿ ਉਸ ਨੇ ਦਿੱਲੀ ਅਤੇ ਗੁਆਂਢੀ ਰਾਜਾਂ ਵਿੱਚ 50 ਤੋਂ ਵੱਧ ਟਰੱਕ ਡਰਾਈਵਰਾਂ ਦਾ ਕਤਲ ਕਰਨ ਤੋਂ ਬਾਅਦ ਸ਼ਿਕਾਰ ਦੀ ਗਿਣਤੀ ਕਰਨਾ ਹੀ ਛੱਡ ਦਿੱਤਾ| ਉਨ੍ਹਾਂ ਨੇ ਕਿਹਾ ਕਿ ਡਾਕਟਰ ਅਤੇ ਉਸ ਦਾ ਗਿਰੋਹ ਕਤਲ ਦੇ 100 ਤੋਂ ਵੱਧ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ, ਕਿਉਂਕਿ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿੱਚ ਉਸ ਵਿਰੁੱਧ ਦਰਜ ਮਾਮਲੇ ਵਿੱਚ ਸੰਬੰਧਤ ਸੂਬਿਆਂ ਦੀ ਪੁਲੀਸ ਜਾਂਚ ਕਰ ਰਹੀ ਹੈ|
ਡੀ.ਸੀ.ਪੀ. ਨੇ ਦੱਸਿਆ ਕਿ ਡਾਕਟਰ ਨੇ 1992 ਵਿੱਚ ਗੈਸ ਡੀਲਰਸ਼ਿਪ ਸਕੀਮ ਵਿੱਚ 11 ਲੱਖ ਰੁਪਏ ਨਿਵੇਸ਼ ਕੀਤੇ ਪਰ ਉਸ ਨੂੰ ਨੁਕਸਾਨ ਹੋ ਗਿਆ| ਇਸ ਤੋਂ ਬਾਅਦ 1995 ਵਿੱਚ ਉਸ ਨੇ ਕਲੀਨਿਕ ਛੱਡ ਕੇ ਅਲੀਗੜ੍ਹ ਦੇ ਛਾਰਾ ਪਿੰਡ ਵਿੱਚ ਫਰਜ਼ੀ ਗੈਸ ਏਜੰਸੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ| ਉਸ ਦੇ ਸਹਿਯੋਗੀ ਐਲ.ਪੀ.ਜੀ. ਸਿਲੰਡਰ ਲਿਜਾਉਣ ਵਾਲੇ ਟਰੱਕਾਂ ਨੂੰ ਲੁੱਟ ਲੈਂਦੇ ਸਨ ਅਤੇ ਡਰਾਈਵਰਾਂ ਦਾ ਕਤਲ ਕਰ ਦਿੰਦੇ ਸਨ| ਇਸ ਤੋਂ ਬਾਅਦ ਟਰੱਕ ਦੇ ਸਿਲੰਡਰ ਆਪਣੀ ਫਰਜ਼ੀ ਗੈਸ ਏਜੰਸੀ ਵਿੱਚ ਉਤਾਰ ਲੈਂਦੇ ਸਨ| ਸਾਲ 1994 ਵਿੱਚ ਡਾਕਟਰ ਕਿਡਨੀ ਟਰਾਂਸਪਲਾਂਟ ਦੇ ਅੰਤਰਰਾਜੀ ਗਿਰੋਹ ਵਿੱਚ ਸ਼ਾਮਲ ਹੋ ਗਿਆ| ਸਾਲ 2004 ਵਿੱਚ ਗੁੜਗਾਓਂ ਕਿਡਨੀ ਗਿਰੋਹ ਮਾਮਲੇ ਵਿੱਚ ਉਸ ਨੂੰ ਅਤੇ ਕਈ ਹੋਰ ਡਾਕਟਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ| ਪੁਲੀਸ ਨੇ ਦੱਸਿਆ ਕਿ ਉਕਤ ਡਾਕਟਰ ਅਗਵਾ ਅਤੇ ਕਤਲ ਦੇ ਕਈ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ|