ਸਰੀ, 27 ਜੁਲਾਈ 2020- ਕੈਨੇਡਾ ਦੇ ਬੀਸੀ ਅਤੇ ਅਲਬਰਟਾ ਸੂਬਿਆਂ ਵਿਚ ਵਾਪਰੀਆਂ ਦੋ ਦੁਰਘਟਨਾਵਾਂ ਕਾਰਨ ਪੰਜਾਬੀ ਭਾਈਚਾਰਾ ਬੇਹੱਦ ਸੋਗਵਾਰ ਹੈ। ਇਨ੍ਹਾਂ ਦੋ ਘਟਨਾਵਾਂ ਵਿਚ ਦੋ ਪੰਜਾਬੀ ਨੌਜਵਾਨਾ ਦੀ ਝੀਲਾਂ ਚ ਡੁੱਬਣ ਕਾਰਨ ਮੌਤ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਬੀਸੀ ਵਿਚ ਸਰੀ ਦੀ ਕਵਾਂਟਲਿਨ ਯੂਨੀਵਰਸਿਟੀ ਦਾ ਵਿਦਿਆਰਥੀ ਮਨਪ੍ਰੀਤ ਸਿੰਘ ਚਿਲੀਵਾਕ ਵਿਖੇ ਕਲਟਸ ਲੇਕ ਵਿਚ ਡੁੱਬ ਕੇ ਮਰ ਗਿਆ। ਮਨਪ੍ਰੀਤ ਸਿੰਘ ਜ਼ਿਲਾ ਗੁਰਦਾਸਪੁਰ ਦੇ ਪਿੰਡ ਚੱਕ ਸ਼ਰੀਫ ਦਾ ਜੰਮਪਲ ਸੀ। ਅਜੇ ਉਸ ਨੂੰ ਵਰਕ ਪਰਮਿਟ ਹੁਣੇ ਹੀ ਮਿਲਿਆ ਸੀ। ਪਤਾ ਲੱਗਿਆ ਹੈ ਕਿ ਅਗਲੇ ਹਫਤੇ ਉਸ ਨੇ ਵਿਨੀਪੈਗ ਰਹਿਣ ਦਾ ਪ੍ਰੋਗਰਾਮ ਬਣਾਇਆ ਸੀ।
ਦੂਜੀ ਘਟਨਾ ਅਲਬਰਟਾ ਦੇ ਸ਼ਹਿਰ ਕੈਲਗਰੀ ਦੀ ਹੈ ਅਤੇ ਉਥੇ ਵੀ ਗਗਨਦੀਪ ਸਿੰਘ ਨਾਂ ਦੇ ਇੱਕ ਨੌਜਵਾਨ ਦੀ ਲੇਕ ਲੂਈਜ਼ ਵਿਖੇ ਡੁੱਬਣ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਕੈਲਗਰੀ ਦੇ ਬੌਅ ਵੈਲੀ ਕਾਲਜ ਦਾ ਵਿਦਿਆਰਥੀ ਸੀ। ਉਹ 2016 ਵਿੱਚ ਸਟੂਡੈਂਟ ਦੇ ਤੌਰ ਤੇ ਕੈਲਗਰੀ ਆਇਆ ਸੀ। ਗਗਨਦੀਪ ਸਿੰਘ ਧਾਰਮਿਕ ਸ਼ਰਧਾਲੂ ਸੀ ਅਤੇ ਸਿੱਖੀ ਬਾਣੇ ਦਾ ਧਾਰਨੀ ਸੀ।