ਸਰੀ, 27 ਜੁਲਾਈ 2020- ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਅਤੇ ਹਰਿਦਰਸ਼ਨ ਇੰਟਰਨੈਸ਼ਨਲ ਮੈਮੋਰੀਅਲ ਟਰੱਸਟ ਕੈਨੇਡਾ ਦੇ ਬਾਨੀ ਜੈਤੇਗ ਸਿੰਘ ਅਨੰਤ ਨੇ ਇਕ ਪ੍ਰੈਸ ਮਿਲਣੀ ਦੌਰਾਨ ਦੱਸਿਆ ਹੈ ਕਿ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਅਤੇ ਪੰਜਾਬੀ ਸਮੀਖਿਆ ਸਕੂਲ ਦਿੱਲੀ ਦੇ ਬਾਨੀ ਡਾ. ਹਰਭਜਨ ਸਿੰਘ ਸਬੰਧੀ ਸ਼ਤਾਬਦੀ ਸਮਾਗਮ ਦੋਹਾਂ ਸੰਸਥਾਵਾਂ ਵੱਲੋਂ ਸਾਂਝੇ ਤੌਰ ‘ਤੇ 16 ਅਗਸਤ 2020 (ਐਤਵਾਰ) 10 ਸਵੇਰੇ ਵਜੇ, ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿਚ ਡਾ. ਹਰਭਜ਼ਨ ਸਿੰਘ ਦੇ ਜੀਵਨ, ਸ਼ਖ਼ਸੀਅਤ, ਸਾਹਿਤਕ ਯੋਗਦਾਨ ਅਤੇ ਵੱਖ ਵੱਖ ਪੱਖਾਂ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਜਾਵੇਗਾ।
ਦੋਹਾਂ ਆਗੂਆਂ ਨੇ ਕਿਹਾ ਕਿ ਡਾ. ਹਰਭਜਨ ਸਿੰਘ ਸਰਬ ਕਲਾ ਸੰਪੰਨ ਅਕਾਦਮੀਸ਼ਨ, ਪੰਜਾਬੀ, ਹਿੰਦੀ, ਅੰਗਰੇਜ਼ੀ, ਫਾਰਸੀ ਅਤੇ ਉਰਦੂ ਦੇ ਗਿਆਤਾ, ਇਕ ਸਿਰਮੌਰ ਚਿੰਤਕ, ਸਫਲ ਅਧਿਆਪਕ, ਚੋਟੀ ਦੇ ਸਮੀਖਿਆਕਾਰ ਅਤੇ ਉੱਚਪਾਏ ਦੇ ਅਨੁਵਾਦਕ ਸਨ। ਉਨ੍ਹਾਂ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਵਿਚ 100 ਤੋਂ ਵੱਧ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਕੇ ਸਾਹਿਤ ਜਗਤ ਨੂੰ ਮਾਲਾਮਾਲ ਕਰ ਦਿੱਤਾ।
ਇਸ ਸਮਾਰੋਹ ਵਿਚ ਦੋ ਪੰਜਾਬੀ ਸਾਹਿਤਕਾਰਾਂ ਨੂੰ ਡਾ. ਹਰਭਜਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਡਾ. ਜਗਤਾਰਜੀਤ (ਜੋ ਡਾ. ਹਰਭਜਨ ਸਿੰਘ ਦੇ ਅੰਤਲੇ ਵਿਦਿਆਰਥੀਆਂ ਵਿੱਚੋਂ ਇਕ ਹਨ) ਵੱਲੋਂ ਤਿਆਰ ਕੀਤੀ ਪੁਸਤਕ “ਅਲਵਿਦਾ ਤੋਂ ਬਾਅਦ” (ਰਵੀ ਸਾਹਿਤ ਪ੍ਰਕਾਸ਼ਨ) ਨੂੰ ਲੋਕ ਅਰਪਣ ਕਰਨ ਦਾ ਯਤਨ ਕੀਤਾ ਜਾਵੇਗਾ।
ਗੁਰਦੁਆਰਾ ਸਾਹਿਬ ਬਰੁੱਕਸਾਈਡ ਦੇ ਸਕੱਤਰ ਚਰਨਜੀਤ ਸਿੰਘ ਮਰਵਾਹਾ ਨੇ ਦੱਸਿਆ ਕਿ 18 ਅਗਸਤ ਨੂੰ ਸ਼ਤਾਬਦੀ ਸਮਾਗਮ ਦੇ ਸਬੰਧ ਵਿਚ ਚੜ੍ਹਦੀ ਕਲਾ ਟਾਈਮ ਟੀਵੀ ਰਾਹੀਂ ਇਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜਿਸ ਵਿਚ ਨਾਮਵਰ ਵਿਦਵਾਨ ਡਾ. ਹਰਭਜਨ ਸਿੰਘ ਨੂੰ ਆਪਣੀ ਅਕੀਦਤ ਦੇ ਕੁੱਲ ਭੇਟ ਕਰਨਗੇ।