ਨਵੀਂ ਦਿੱਲੀ, 26 ਜੁਲਾਈ – ਕਾਂਗਰਸ ਦੀ ਦਿੱਲੀ ਇਕਾਈ ਦੇ ਕਈ ਨੇਤਾਵਾਂ ਅਤੇ ਵਰਕਰਾਂ ਨੇ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਸਰਕਾਰ ਨੂੰ ਗਿਰਾਉਣ ਦੇ ਵਿਰੋਧ ਵਿੱਚ ਭਾਜਪਾ ਦੀ ਵਿਰੁੱਧ ਪ੍ਰਦਰਸ਼ਨ ਕੀਤਾ| ਹਾਲਾਂਕਿ ਇਨ੍ਹਾਂ ਲੋਕਾਂ ਨੂੰ ਪੁਲੀਸ ਨੇ ਉਸ ਸਮੇਂ ਹਿਰਾਸਤ ਵਿੱਚ ਲੈ ਲਿਆ, ਜਦੋਂ ਉਨ੍ਹਾਂ ਨੇ ਉੱਪ ਰਾਜਪਾਲ ਦੇ ਦਫ਼ਤਰ ਵੱਲ ਵਧਣ ਦੀ ਕੋਸ਼ਿਸ਼ ਕੀਤੀ| ਦਿੱਲੀ ਦੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੌਧਰੀ ਅਨਿਲ ਕੁਮਾਰ ਦੀ ਅਗਵਾਈ ਵਿੱਚ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ|
ਉਹਨਾਂ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਰਾਜਸਥਾਨ ਵਿੱਚ ਭਾਜਪਾ ਦੇ ਲੋਕਤੰਤਰ ਅਤੇ ਸੰਵਿਧਾਨ ਵਿਰੋਧੀ ਕਦਮਾਂ ਵਿਰੁੱਧ ਸੀ| ਉਨ੍ਹਾਂ ਕਿਹਾ,”ਅਸੀਂ ਉੱਪ ਰਾਜਪਾਲ ਨੂੰ ਦੱਸਣਾ ਚਾਹੁੰਦੇ ਸੀ ਕਿ ਭਾਜਪਾ ਅਤੇ ਕੇਂਦਰ ਦੀ ਉਸ ਦੀ ਸਰਕਾਰ ਕਿਸ ਤਰ੍ਹਾਂ ਨਾਲ ਰਾਜਸਥਾਨ ਵਿੱਚ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ ਪਰ ਦਿੱਲੀ ਪੁਲੀਸ ਨੇ ਸਾਨੂੰ ਉੱਪ ਰਾਜਪਾਲ ਦੇ ਦਫ਼ਤਰ ਵੱਲ ਵਧਣ ਤੋਂ ਪਹਿਲਾਂ ਹੀ ਰੋਕ ਦਿੱਤਾ ਹੈ|” ਜਿਕਰਯੋਗ ਹੈ ਕਿ ਕਾਂਗਰਸ ਰਾਜਸਥਾਨ ਵਿੱਚ ਸਿਆਸੀ ਘਟਨਾਕ੍ਰਮ ਨੂੰ ਲੈ ਕੇ ਸਾਰੇ ਪ੍ਰਦੇਸ਼ਾਂ ਵਿੱਚ ਰਾਜ ਭਵਨਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੀ ਹੈ| ਉਸ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਕਾਂਗਰਸ ਦੀਆਂ ਰਾਜ ਸਰਕਾਰਾਂ ਨੂੰ ਅਸਥਿਰ ਕਰਨ ਲਈ ਰਾਜਪਾਲਾਂ ਦਾ ਸਿਆਸੀ ਇਸਤੇਮਾਲ ਕਰ ਰਹੀ ਹੈ|