ਚੰਡੀਗੜ੍ਹ, 2 ਅਕਤੂਬਰ – ਚੰਡੀਗੜ੍ਹ ਦੇ ਉਦਯੋਗਿਕ ਖੇਤਰ ਫੇਜ਼-2 (ਰਾਮ ਦਰਬਾਰ) ਵਿੱਚ ਪਲਾਟ ਨੰਬਰ-786 ਵਿਚ ਅਚਾਨਕ ਅੱਗ ਲੱਗ ਗਈ। ਅੱਗ ਦੀ ਜਾਣਕਾਰੀ ਮਿਲਣ ਤੇ ਫਾਇਰ ਬ੍ਰਿਗੇਡ ਦੀਆਂ ਕਰੀਬ 10 ਗੱਡੀਆਂ ਮੌਕੇ ਉੱਤੇ ਪਹੁੰਚੀਆਂ ਅਤੇ ਲਗਭਗ 6 ਘੰਟੇ ਦੀ ਜੱਦੋਜਹਿਦ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੀ ਫੈਕਟਰੀ ਵਿਚ ਅੱਗ ਲੱਗੀ ਹੈ ਉਹ ਫੈਕਟਰੀ ਸ਼ਿਆਮ ਜੀ ਟ੍ਰੇਡਿੰਗ ਦੇ ਸੁਭਾਸ਼ ਮਿੱਤਲ (ਜੋ ਮਸ਼ਹੂਰ ਭਜਨ ਗਾਇਕ ਕੱਨ੍ਹਈਆ ਮਿੱਤਲ ਦੇ ਭਰਾ ਹਨ) ਦੀ ਹੈ। ਜਿਸ ਫੈਕਟਰੀ ਵਿੱਚ ਅੱਗ ਲੱਗੀ ਸੀ, ਉਹ ਫਰਨੀਚਰ ਦੀ ਫੈਕਟਰੀ ਹੈ। ਇੱਥੇ ਲੱਕੜ ਅਤੇ ਪਲਾਸਟਿਕ ਦਾ ਸਮਾਨ ਰੱਖਿਆ ਹੋਇਆ ਸੀ। ਇਸ ਕਰਕੇ ਅੱਗ ਤੇਜ਼ੀ ਨਾਲ ਫੈਲ ਗਈ।
ਇਸ ਅੱਗ ਕਾਰਨ ਨਾਲ ਦੀ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ। ਫੈਕਟਰੀ ਦੇ ਨਾਲ ਇੱਕ ਦਵਾਈਆਂ ਦਾ ਗੋਦਾਮ ਵੀ ਹੈ। ਜਿਸ ਕਾਰਨ ਉੱਥੇ ਰੱਖੀਆਂ ਦਵਾਈਆਂ ਵੀ ਸੜ ਕੇ ਸੁਆਹ ਹੋ ਗਈਆਂ। ਫਿਲਹਾਲ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।