ਦੰਤੇਵਾੜਾ, 14 ਸਤੰਬਰ – ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ਵਿੱਚ ਪੁਲੀਸ ਨੇ ਇਕ ਸਾਂਝੀ ਕਾਰਵਾਈ ਵਿੱਚ 9 ਨਕਸਲੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ| ਪੁਲੀਸ ਸੁਪਰਡੈਂਟ ਅਭਿਸ਼ੇਕ ਪਲੱਵ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚਲਾਈ ਜਾ ਰਹੀ ਨਕਸਲ ਖਾਤਮਾ ਮੁਹਿੰਮ ਦੇ ਅਧੀਨ ਕੁਆਕੋਂਡਾ ਖੇਤਰ ਵਿੱਚ ਨਕਸਲੀਆਂ ਦੀ ਮੌਜੂਦਗੀ ਹੋਣ ਦੀ ਸੂਚਨਾ ਤੇ ਜ਼ਿਲ੍ਹਾ ਰਿਜ਼ਰਵ ਪੁਲੀਸ ਫੋਰਸ ਅਤੇ ਥਾਣਾ ਕੁਆਕੋਂਡਾ ਦੀ ਸਾਂਝੀ ਪੁਲਸ ਪਾਰਟੀ ਗਸ਼ਤ ਤੇ ਨਿਕਲੀ ਸੀ| ਗ੍ਰਾਮ ਮੈਲਾਵਾੜਾ-ਮੋਖਪਾਲ ਦਰਮਿਆਨ ਜੰਗਲ ਵਿੱਚ ਕੁਝ ਲੋਕ ਸ਼ੱਕੀ ਹਾਲਤ ਵਿੱਚ ਮੌਜੂਦ ਸਨ| ਜੋ ਪੁਲੀਸ ਦਲ ਨੂੰ ਦੇਖ ਕੇ ਉੱਥੋਂ ਦੌੜਨ ਲੱਗੇ|
ਇਸ ਤੋਂ ਬਾਅਦ ਪੁਲੀਸ ਨੇ ਘੇਰਾਬੰਦੀ ਕਰ ਕੇ 9 ਨਕਸਲੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ| ਇਨ੍ਹਾਂ ਕੋਲੋਂ ਬੈਨਰ, ਪੋਸਟਰ, ਪਟਾਕਾ, ਬਰਾਮਦ ਕੀਤਾ ਗਿਆ ਹੈ| ਫੜੇ ਗਏ ਨਕਸਲੀ ਪਹਿਲਾਂ ਵੀ ਵੱਖ-ਵੱਖ ਥਾਂਵਾਂ ਤੇ ਬੈਨਰ, ਪੋਸਟਰ ਲਗਾਉਣਾ, ਨਕਸਲੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨਾ, ਫੋਰਸ ਦੇ ਆਉਣ ਤੋਂ ਬਾਅਦ ਪਟਾਕਾ ਚਲਾ ਕੇ ਨਕਸਲੀਆਂ ਨੂੰ ਸੂਚਨਾ ਦੇਣ ਦਾ ਕੰਮ ਕਰਦੇ ਸਨ|