ਚੰਡੀਗੜ੍ਹ, 25 ਜੁਲਾਈ 2020 – ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਯੂਏਪੀਏ ਕਾਲਾ ਕਾਨੂੰਨ ਭਾਰਤੀ ਸੰਵਿਧਾਨ ਤੇ ਕੁਦਰਤੀ ਨਿਆਂ ਦੇ ਵਿਰੁੱਧ ਹੈ, ਜਿਥੇ ਕਿਸੇ ਵਿਅਕਤੀ ਨੂੰ ਬਿਨਾਂ ਮੁਕੱਦਮੇ ਦੇ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ। ਇਸ ਤਹਿਤ ਸਿੱਖਾਂ ਤੇ ਦਲਿਤਾਂ ਨੂੰ ਪੰਜਾਬ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨਕ ਅਧਿਕਾਰਾਂ ਅਨੁਸਾਰ ਕਿਸੇ ਵਿਅਕਤੀ ਦਾ ਪੱਖ ਸੁਣੇ ਬਗੈਰ ਕਿਸੇ ਵਿਅਕਤੀ ਨੂੰ ਚਾਰਜਸ਼ੀਟ ਕਰਕੇ ਜੇਲ੍ਹ ਵਿੱਚ ਪਾਉਣਾ ਗੈਰ ਸੰਵਿਧਾਨਿਕ ਹੈ। ਅਜਿਹੀ ਸਥਿਤੀ ਵਿੱਚ ਕਾਂਗਰਸ ਸਰਕਾਰ ਸਰਕਾਰ ਆਪਣੀ ਰਾਜਨੀਤਿਕ ਹੋਂਦ ਬਚਾਉਣ ਵਾਸਤੇ ਕਾਲੇ ਕਾਨੂੰਨ ਤਹਿਤ ਪੰਜਾਬ ਵਿਚ ਸਿੱਖਾਂ ਅਤੇ ਦਲਿਤਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ।
ਬਸਪਾ ਪ੍ਰਧਾਨ ਸਰਦਾਰ ਗੜ੍ਹੀ ਨੇ ਯੂ ਏ ਪੀ ਏ ਦੀ ਵਿਰੋਧਤਾ ਕਰਦਿਆ ਕਿਹਾ ਕਿ ਇਹ ਐਨਾ ਖਤਰਨਾਕ ਕਾਨੂੰਨ ਹੈ ਕਿ ਇਸ ਕਾਨੂੰਨ ਦੇ ਤਹਿਤ ਦੋਸ਼ੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਸਾਬਤ ਕਰੇ ਕਿ ਉਹ ਅਪਰਾਧੀ ਨਹੀਂ ਹੈ। ਯਾਨੀ ਰਾਜ ਅੱਤਵਾਦੀ ਨੂੰ ਚਾਰਜ ਕਰੇਗਾ ਪਰ ਉਸ ਵਿਅਕਤੀ ਨੂੰ ਅੱਤਵਾਦ ਦੇ ਦੋਸ਼ ਤੋਂ ਛੁਟਕਾਰਾ ਪਾਉਣ ਲਈ ਸਬੂਤ ਖੁਦ ਮੁਹੱਈਆ ਕਰਾਉਣੇ ਪੈਣਗੇ। ਸਰਕਾਰ ਨੂੰ ਇਸ ਕਾਨੂੰਨ ਦੇ ਜ਼ਰੀਏ ਅਜਿਹੀ ਸ਼ਕਤੀ ਮਿਲੀ ਹੈ ਕਿ ਉਹ ਕਿਸੇ ਵੀ ਕਿਸਮ ਦੀ ਅਸਹਿਮਤੀ ਨੂੰ ਗ਼ੈਰਕਾਨੂੰਨੀ ਕਰਾਰ ਦੇ ਸਕਦੀ ਹੈ ਅਤੇ ਉਹ ਵਿਅਕਤੀ ਸਾਰੀ ਉਮਰ ਉਸ ਤੋਂ ਬਰੀ ਹੋਣ ਦੀ ਕੋਸ਼ਿਸ਼ ਕਰਦਾ ਰਹੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਇਕ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਗੁਰਤੇਜ ਸਿੰਘ ਨਾਮ ਦਾ ਸਖ਼ਸ਼ ਸ਼ਾਮਲ ਹੈ, ਜੋ ਤਿੰਨ ਬੱਚਿਆਂ ਦਾ ਪਿਤਾ ਹੈ। ਗੁਰਤੇਜ ਸਿੰਘ ਦੇ ਤਿੰਨੇ ਬੱਚੇ 8 ਤੋਂ 12 ਸਾਲ ਦੀ ਉਮਰ ਦੇ ਹਨ। ਗੁਰਤੇਜ ਸਿੰਘ ਦੀ ਪਤਨੀ ਭਿਆਨਕ ਬਿਮਾਰੀ ਕਾਰਨ ਬੈੱਡ ‘ਤੇ ਹੈ। ਜਿਸ ਸਮੇਂ ਪੁਲਿਸ ਨੇ ਗੁਰਤੇਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਉਹ ਪਤਨੀ ਦੇ ਇਲਾਜ ਲਈ ਹਸਪਤਾਲ ਵਿਚ ਮੌਜੂਦ ਸੀ। ਪੀੜਤ ਦੀ ਪਤਨੀ ਮੁਤਾਬਕ ਗੁਰਤੇਜ ਸਿੰਘ ਨੂੰ ਉਸ ਦੇ ਇਲਾਜ ਲਈ ਪੈਸਾ-ਧੇਲਾ ਵੀ ਦੇਣ ਨਹੀਂ ਦਿਤਾ ਗਿਆ। ਗੁਰਤੇਜ ਸਿੰਘ ਦੇ ਲੜਕੇ ਨੇ ਪੁਲਿਸ ਵਾਲਿਆਂ ਨੂੰ ਪਿਤਾ ਦੀਆਂ ਬਾਹਾਂ ਮਰੋੜ ਕੇ ਧੱਕੇ ਨਾਲ ਗੱਡੀ ਵਿਚ ਪਾ ਕੇ ਲਿਜਾਂਦੇ ਵੇਖਿਆ ਹੈ। ਪੀੜਤ ਦੀ ਘਰਵਾਲੀ ਮੁਤਾਬਕ ਉਸ ਦਾ ਪਤੀ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਗਤੀਵਿਧੀ ਵਿਚ ਸ਼ਾਮਲ ਨਹੀਂ ਸੀ। ਪਤਨੀ ਮੁਤਾਬਕ ਉਨ੍ਹਾਂ ਨੂੰ ਸਿਰਫ਼ ਸਿੱਖ ਹੋਣ ਕਾਰਨ ਹੀ ਨਿਸ਼ਾਨਾ ਬਣਾਇਆ ਗਿਆ ਹੈ। ਪਰਿਵਾਰ ਕੋਲ ਇਸ ਸਮੇਂ ਕਮਾਈ ਦਾ ਕੋਈ ਵੀ ਵਸੀਲਾ ਮੌਜੂਦ ਨਹੀਂ ਹੈ। ਇਸ ਪਰਿਵਾਰ ਦਾ ਗੁਜ਼ਾਰਾ ਲੋਕਾਂ ਵਲੋਂ ਤਰਸ ਦੇ ਆਧਾਰ ‘ਤੇ ਕੀਤੀ ਜਾਂਦੀ ਮਦਦ ਨਾਲ ਹੋ ਰਿਹਾ ਹੈ। ਪਰਿਵਾਰ ਵਿਚ ਪੀੜਤ ਦੀ ਪਤਨੀ ਤੋਂ ਇਲਾਵਾ ਪਿਤਾ ਗੰਭੀਰ ਬਿਮਾਰੀ ਕਾਰਨ ਮੰਜੇ ‘ਤੇ ਪਏ ਹਨ। ਗੁਰਤੇਜ ਸਿੰਘ ਦੇ ਜੇਲ੍ਹ ਜਾਣ ਬਾਅਦ ਇਹ ਪੂਰਾ ਪਰਿਵਾਰ ਗ਼ਰੀਬੀ ਦੀ ਹਾਲਤ ਵਿਚ ਲਾਵਾਰਸ ਹੈ।
ਇਸੇ ਤਰ੍ਹਾਂ 28 ਜੂਨ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਇਕ ਹੋਰ 18 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਨੂੰ ਪੁਲਿਸ ਨੇ ਯੂਏਪੀਏ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜੇਲ੍ਹ ਅੰਦਰ ਸੁੱਟ ਦਿਤਾ ਹੈ। ਇਸ ਨੌਜਵਾਨ ਨੂੰ 16 ਦਿਨਾਂ ਤਕ ਹਿਰਾਸਤ ਵਿਚ ਰੱਖ ਦੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਜਸਪ੍ਰੀਤ ਸਿੰਘ ਦੇ ਪਿਤਾ ਪੁਲਵਿੰਦਰ ਸਿੰਘ ਵਾਸੀ ਪੰਡ ਬੋੜੇਵਾਲ ਅਫ਼ਗਾਨਾ ਜ਼ਿਲ੍ਹਾ ਅੰਮ੍ਰਿਤਸਰ ਮੁਤਾਬਕ ਪੁੱਤਰ ਨੂੰ ਛੁਡਾਉਣ ਲਈ ਉਸ ਨੂੰ 50 ਹਜ਼ਾਰ ਤਕ ਦਾ ਖ਼ਰਚਾ ਕਰਨਾ ਪਿਆ ਹੈ। ਪੁਲਵਿੰਦਰ ਸਿੰਘ ਮੁਤਾਬਕ ਪੁਲਿਸ ਨੇ ਜਸਪ੍ਰੀਤ ਸਿੰਘ ਨੂੰ ਚੁੱਕਣ ਵੇਲੇ ਕਿਹਾ ਸੀ ਕਿ ਜਸਪ੍ਰੀਤ ਨੇ ਕਿਸੇ ਕੁੜੀ ਨੂੰ ਫ਼ੋਨ ‘ਤੇ ਛੇੜਿਆ ਹੈ, ਜਿਸ ਸਬੰਧੀ ਪੁਛਗਿੱਛ ਕਰਨੀ ਹੈ। ਪਿਤਾ ਮੁਤਾਬਕ ਉਨ੍ਹਾਂ ਨੇ ਜਸਪ੍ਰੀਤ ਨੂੰ 28 ਤਰੀਕ ਨੂੰ ਪੁਲਿਸ ਸਾਹਮਣੇ ਖੁਦ ਜਾ ਕੇ ਪੇਸ਼ ਕੀਤਾ ਸੀ। ਪਰਿਵਾਰ ਨੂੰ ਇਕ ਤਰੀਕ ਦੇ ਅਖ਼ਬਾਰ ਵਿਚੋਂ ਪਤਾ ਚੱਲਿਆ ਕਿ ਨੌਜਵਾਨ ਖਿਲਾਫ਼ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਾਂ ਦੇ ਦੋਸ਼ ਹੇਠ ਪਰਚਾ ਦਰਜ ਹੋਇਆ ਹੈ। ਇਸ ਨੌਜਵਾਨ ਨੂੰ ਪੁਲਿਸ ਨੇ 16 ਦਿਨਾਂ ਬਾਅਦ ਰਿਹਾਅ ਕਰ ਦਿੱਤਾ ਹੈ। ਇਸ ਨੌਜਵਾਨ ਨੂੰ ਪੰਜ ਦਿਨ ਤੱਕ ਹਸਪਤਾਲ ਵਿਚ ਦਾਖ਼ਲ ਰੱਖਣਾ ਪਿਆ। ਇਹ ਨੌਜਵਾਨ ਅਜੇ ਵੀ ਸਦਮੇ ਵਿਚ ਹੈ।
ਇਸੇ ਤਰ੍ਹਾਂ ਸਮਾਣਾ ਪੁਲੀਸ ਨੇ ਪਿੰਡ ਸੇਹਰਾ ਵਾਸੀ 24 ਸਾਲਾ ਸੁਖਚੈਨ ਸਿੰਘ ਨਾਂਅ ਦੇ ਇਕ ਹੋਰ ਦਲਿਤ ਨੌਜਵਾਨ ਨੂੰ ਯੂਏਪੀਏ ਲਗਾ ਕੇ ਗ੍ਰਿਫ਼ਤਾਰ ਕੀਤਾ ਹੈ। ਇਹ ਦਲਿਤ ਪਰਵਾਰ ਅਤਿ ਗ਼ਰੀਬ ਹੈ। ਇਸ ਦਾ ਕੋਈ ਅਪਰਾਧੀ ਪਿਛੋਕੜ ਵੀ ਨਹੀਂ ਹੈ। ਇਸ ਘਰ ਦੇ ਹਾਲਾਤ ਵੇਖ ਕੇ ਅਜਿਹਾ ਕਤਈ ਹੀ ਨਹੀਂ ਲੱਗਦਾ ਕਿ ਸੁਖਚੈਨ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋ ਸਕਦਾ ਹੈ। ਕੇਵਲ ਤਿੰਨ ਮਰਲਿਆਂ ਦੇ ਇਸ ਘਰ ਅੰਦਰ ਤਿੰਨ ਪਰਿਵਾਰ ਰਹਿੰਦੇ ਹਨ। ਇਸ ਨੌਜਵਾਨ ਦੇ ਹੱਕ ਵਿਚ ਪਿੰਡ ਤੋਂ ਇਲਾਵਾ ਨੇੜਲੇ ਇਲਾਕਿਆਂ ਦੇ ਵੱਡੀ ਗਿਣਤੀ ਲੋਕਾਂ ਨੇ ਇਕਮਤ ਹੋ ਕੇ ਦੱਸਿਆ ਕਿ ਇਹ ਨੌਜਵਾਨ ਇਸੇ ਤਰ੍ਹਾਂ ਦੀ ਕਿਸੇ ਵੀ ਗਤੀਵਿਧੀ ਵਿਚ ਸ਼ਾਮਲ ਨਹੀਂ ਹੋ ਸਕਦਾ।
ਇਸੇ ਤਰ੍ਹਾਂ ਇਕ ਲਵਪ੍ਰੀਤ ਸਿੰਘ ਨਾਂਅ ਦੇ ਨੌਜਵਾਨ ਨੂੰ ਵੀ ਪੁਲਿਸ ਯੂਏਪੀਏ ਤਹਿਤ ਗਿਫ਼ਤਾਰ ਕੇ ਲੈ ਗਈ ਹੈ। ਇਹ ਨੌਜਵਾਨ ਦਿੱਲੀ ਦੇ ਸ਼ਾਹੀਨ ਬਾਗ ਵਿਚ ਲੱਗੇ ਲੰਗਰ ਦੀ ਸੇਵਾ ਲਈ ਪਹੁੰਚਿਆ ਸੀ। ਇਸ ਸਿੱਖ ਨੌਜਵਾਨ ‘ਤੇ ਵੀ ਦਿੱਲੀ ਪੁਲਿਸ ਨੇ ਯੂਏਪੀਏ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜੇਲ੍ਹ ਅੰਦਰ ਸੁਟ ਦਿਤਾ ਹੈ। ਲਵਪ੍ਰੀਤ ਪਿੰਡ ਸਮਾਨਾ ਵਿਖੇ ਇਕ ਸੀਸੀਟੀਵੀ ਕੈਮਰਿਆਂ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਇਹ ਇਕ ਆਮ ਜਿਹੇ ਗ਼ਰੀਬ ਸਿੱਖ ਪਰਿਵਾਰ ਦਾ ਲੜਕਾ ਹੈ। ਜਦਕਿ ਦਿੱਲੀ ਪੁਲਿਸ ਲਵਪ੍ਰੀਤ ਕੋਲੋਂ ਇਕ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਣ ਦਾ ਦਾਅਵਾ ਕਰ ਰਹੀ ਹੈ।
ਬੁਲਢਾਂਡਾ ਦੇ ਪਿੰਡ ਚਾਣਕ ਦਾ ਅੰਮ੍ਰਿਤਪਾਲ ਸਿੰਘ ਨੂੰ ਵੀ ਪੁਲਿਸ ਨੇ ਯੂਏਪੀਏ ਤਹਿਤ ਗ੍ਰਿਫ਼ਤਾਰ ਕਰ ਕੇ ਜੇਲ੍ਹ ਅੰਦਰ ਸੁਟ ਦਿਤਾ ਹੈ। ਇਹ ਦਲਿਤ ਨੌਜਵਾਨ ਵੀ ਅਤਿ ਗ਼ਰੀਬ ਪਰਿਵਾਰ ਨਾਲ ਸਬੰਧਿਤ ਹੈ। ਅੰਮ੍ਰਿਤਪਾਲ ਦਾ ਵਿਆਹ 8 ਜੂਨ ਨੂੰ ਹੋਇਆ ਸੀ। ਇਹ ਪਰਿਵਾਰ ਦਿਹਾੜੀ ਦੱਪਾ ਕਰ ਕੇ ਗੁਜ਼ਾਰਾ ਕਰਦਾ ਹੈ। ਅੰਮ੍ਰਿਤਪਾਲ ਦਾ ਪਿਤਾ, ਭਰਾ ਤੇ ਉਹ ਖੁਦ ਖੇਤਾਂ ਵਿਚ ਦਿਹਾੜੀ ਕਰ ਕੇ ਗੁਜ਼ਾਰਾ ਚਲਾਉਂਦੇ ਹਨ। ਜਦਕਿ ਮਾਂ ਘਰ ਅੰਦਰ ਕੱਪੜੇ ਸਿਉ ਕੇ ਕੁੱਝ ਪੈਸੇ ਕਮਾ ਲੈਂਦੀ ਹੈ। ਇਸ ਪਰਿਵਾਰ ਨੇ ਕੱਚਾ ਮਕਾਨ ਅਜੇ ਹੁਣੇ-ਹੁਣੇ ਹੀ ਸੈਂਟਰ ਗੌਰਮਿੰਟ ਦੀ ਸਕੀਮ ਤਹਿਤ ਕਰਜ਼ਾ ਲੈ ਕੇ ਬਣਾਇਆ ਹੈ। ਇਹ ਨੌਜਵਾਨ ਹੁਣ ਪਟਿਆਲਾ ਜੇਲ੍ਹ ਅੰਦਰ ਬੰਦ ਹੈ।
ਲੜਕੇ ਦੀ ਮਾਂ ਮੁਤਾਬਕ ਉਹ ਜੇਲ੍ਹ ਵਿਚ ਮੁਲਾਕਾਤ ਲਈ ਗਏ ਸਨ ਜਿੱਥੇ ਨੌਜਵਾਨ ਨੇ ਦੱਸਿਆ ਕਿ ਬੋਹਾ ਪੁਲਿਸ ਨੇ ਉਸ ਨੂੰ ਕਰੰਟ ਲਾ ਕੇ ਤਸ਼ੱਦਦ ਕੀਤਾ ਹੈ। ਪੀੜਤ ਦੀ ਮਾਤਾ ਮੁਤਾਬਕ ਉਨ੍ਹਾਂ ਦੇ ਪਰਿਵਾਰ ਦੇ ਖ਼ਾਲਿਸਤਾਨੀਆਂ ਨਾਲ ਸਬੰਧਿਤ ਕਿਸੇ ਵੀ ਕੀਮਤ ‘ਤੇ ਨਹੀਂ ਹੋ ਸਕਦੇ ਕਿਉਂਕਿ ਉਨ੍ਹਾਂ ਦਾ ਲੜਕਾ ਤਾਂ ਨਸ਼ੇ ਅਤੇ ਤਮਾਖੂ ਦਾ ਇਸਤੇਮਾਲ ਵੀ ਕਰਦਾ ਹੈ ਅਤੇ ਉਨ੍ਹਾਂ ਦੇ ਖਾਲਿਸਤਾਨੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ।
ਹਲਕੇ ਭੁਲੱਥ ਤੋਂ 65 ਸਾਲਾ ਬਜ਼ੁਰਗ ਜੁਗਿੰਦਰ ਸਿੰਘ ਗੁੱਜਰ ਜੋ ਇਟਲੀ ਤੋਂ ਆਏ ਸਨ ਉਨ੍ਹਾਂ ਨੂੰ ਇਸੇ ਕਾਲੇ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਜੁਗਿੰਦਰ ਸਿੰਘ ਗੁੱਜਰ ਬਿਲਕੁਲ ਅਨਪੜ੍ਹ ਵਿਅਕਤੀ ਹਨ ਅਤੇ ਉਨ੍ਹਾਂ ‘ਤੇ ਅੱਜ ਤੱਕ ਕੋਈ ਪਰਚਾ ਨਹੀਂ ਹੋਇਆ। ਜੁਗਿੰਦਰ ਸਿੰਘ ਦਿਲ ਦੇ ਮਰੀਜ਼ ਹਨ।
ਕਾਂਗਰਸ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਬਸਪਾ ਪੰਜਾਬ ਵਿਰੋਧ ਕਰਦੀ ਹੈ। ਪੰਜਾਬ ਪੁਲਿਸ ਦਾ ਡੀਜੀਪੀ ਦਿਨਕਰ ਗੁਪਤਾ ਭਾਜਪਾ ਦੇ ਹੱਥਾਂ ਵਿਚ ਖੇਡ ਕੇ ਝੂਠੀਆਂ ਪ੍ਰੈੱਸ ਕਾਨਫਰੰਸ ਕਰਕੇ ਸਿੱਖਾਂ ਅਤੇ ਦਲਿਤਾਂ ਨੂੰ ਜੁਲਮ ਦਾ ਸਿ਼ਕਾਰ ਬਣਾ ਰਿਹਾ ਹੈ। ਸਮਾਂ ਆਉਣ ਤੇ ਬਸਪਾ ਕਾਂਗਰਸ ਅਤੇ ਭਾਜਪਾ ਨੂੰ ਮੂੰਹ ਤੋੜ ਜਵਾਬ ਦੇਵੇਗੀ ਅਤੇ ਝੂਠੇ ਕੇਸਾਂ ਵਿੱਚ ਬੰਦ ਕੀਤੇ ਸਿੱਖ ਅਤੇ ਦਲਿਤ ਨੌਜਵਾਨਾਂ ਨੂੰ ਸਨਮਾਨ ਸਹਿਤ ਰਿਹਾ ਕਰੇਗੀ।