ਔਕਲੈਂਡ, 25 ਜੁਲਾਈ 2020 – ਨਿਊਜ਼ੀਲੈਂਡ ਸਰਕਾਰ ਜਿੱਥੇ ਕੋਰੋਨਾ ਤੋਂ ਪੀੜਤ ਲੋਕਾਂ ਦੀ ਸਿਹਤ ਉਤੇ ਲੱਖਾਂ ਡਾਲਰ ਖਰਚ ਕੇ ਉਨ੍ਹਾਂ ਦੀ ਜਾਨ ਬਚਾਉਣ ਲਈ ਲੱਗੀ ਹੋਈ ਹੈ, ਉਥੇ ਦੇਸ਼ ਦੇ ਵਿਚ ਨੌਕਰੀਆਂ ਤੋਂ ਵਾਂਝੇ ਹੋ ਰਹੇ ਲੋਕਾਂ ਦੀ ਆਰਿਥਕ ਗੱਡੀ ਨੂੰ ਰੋੜ੍ਹੀ ਰੱਖਣਾ ਵੀ ਇਕ ਅਹਿਮ ਕਾਰਜ ਵਜੋਂ ਲੈ ਰਹੀ ਹੈ। ਇਸਦੇ ਲਈ ਸਰਕਾਰ ਨੇ ‘ਵੇਜ ਸਬਸਿਡੀ ਸਕੀਮ’ ਦੇ ਤਹਿਤ ਪਹਿਲਾਂ 12 ਹਫਤਿਆਂ ਦੇ ਪੈਸੇ ਲੋਕਾਂ ਨੂੰ ਝੱਟ-ਪੱਟ ਦੇ ਦਿੱਤੇ ਅਤੇ ਫਿਰ ਦੁਬਾਰਾ 8 ਹਫਤਿਆਂ ਦੀ ਤਨਖਾਹ ਦੇ ਕੇ ਰੁਜ਼ਗਾਰ ਦਾਤਾਵਾਂ ਨੂੰ ਕੁਝ ਰਾਹਤ ਦੇਣ ਦੀ ਕੋਸ਼ਿਸ ਕੀਤੀ।
ਦੇਸ਼ ਦੀ ਸਰਕਾਰ ਨੇ ਹੁਣ ਤੱਕ 13 ਬਿਲੀਅਨ ਡਾਲਰ (13000 ਮਿਲੀਅਨ) ਵੇਜ ਸਬਸਿਡੀ ਦੇ ਨਾਂਅ ਹੇਠ ਖਰਚ ਕੀਤੇ ਹਨ। 17 ਲੱਖ ਦੇ ਕਰੀਬ ਨੌਕਰੀਆਂ ਨੂੰ ਇਸ ਵੇਜ ਸਬਸਿਡੀ ਦਾ ਫਾਇਦਾ ਹੋ ਚੁੱਕਾ ਹੈ। 10,500 ਅਜਿਹੇ ਲੋਕ ਵੀ ਸਨ ਜਿਨ੍ਹਾਂ ਨੇ ਪਹਿਲਾਂ ਵੇਜ ਸਬਸਿਡੀ ਲੈ ਲਈ ਪਰ ਯੋਗ ਨਾ ਹੋਣ ਕਰਕੇ ਉਨ੍ਹਾਂ ਨੇ ਵਾਪਿਸ ਕਰ ਦਿੱਤੀ ਜੋ ਕਿ 323.6 ਮਿਲੀਅਨ ਡਾਲਰ ਬਣਦੀ ਹੈ। 18,500 ਉਹ ਲੋਕ ਵੀ ਹਨ ਜੋ ਸਪੈਸ਼ਲ ਕੋਵਿਡ-19 ਸਹਾਇਤਾ ਰਕਮ ਪ੍ਰਾਪਤ ਕਰ ਰਹੇ ਹਨ। ਸਰਕਾਰ ਨੇ ਫੁੱਲ ਟਾਈਮ (ਪੂਰੇ 40 ਘੰਟੇ) ਕੰਮ ਕਰਨ ਵਾਲਿਆਂ ਨੂੰ ਨੌਕਰੀ ਜਾਣ ਉਤੇ 490 ਡਾਲਰ ਪ੍ਰਤੀ ਹਫਤਾ ਅਤੇ ਪਾਰਟ ਟਾਈਮ (ਘੱਟੋ-ਘੱਟ 20 ਘੰਟੇ) ਕੰਮ ਕਰਨ ਵਾਲਿਆਂ ਨੂੰ ਨੌਕਰੀ ਖੁਸ ਜਾਣ ‘ਤੇ 250 ਡਾਲਰ ਪ੍ਰਤੀ ਹਫਤਾ ਸਬਸਿਡੀ ਦਿੱਤੀ ਸੀ। 17000 ਲੋਕਾਂ ਨੂੰ ਫੁੱਲਟਾਈਮ ਰੇਟ ਮਿਲਿਆ।
ਸਰਕਾਰ ਸੋਚਦੀ ਸੀ ਕਿ ਲੌਕਡਾਊਨ ਖਤਮ ਹੋਣ ‘ਤੇ 3 ਲੱਖ ਲੋਕਾਂ ਨੂੰ ਵੇਜ ਸਬਸਿਡੀ ਦੀ ਲੋੜ ਨਹੀਂ ਰਹੇਗੀ ਪਰ ਇਹ ਅੰਕੜੇ ਦੁਬਾਰਾ ਬਦਲਣੇ ਪੈ ਗਏ। ਨੌਕਰੀ ਲੱਭਣ ਵਾਲਿਆਂ ਦੀ ਗਿਣਤੀ 1,92,000 ਹੋ ਗਈ ਹੈ ਜਦ ਕਿ ਪਹਿਲਾਂ ਇਹ 1,47,000 ਸੀ। ਕੰਮ ਕਰਨ ਵਾਲੀ ਉਮਰ ਦੇ ਵਰਗ ਵਿਚ ਪਹਿਲਾਂ 4.9% ਲੋਕ ਬੇਰੁਜ਼ਗਾਰੀ ਭੱਤਾ ਲੈਂਦੇ ਸਨ ਪਰ ਹੁਣ ਇਹ ਗਿਣਤੀ 6.4% ਹੋ ਗਈ ਹੈ। ਸੋ ਸਰਕਾਰ ਨੇ ਆਪਣਾ ਖਜ਼ਾਨਾ ਲੋਕਾਂ ਲਈ ਇਸ ਕਰਕੇ ਖੋਲ੍ਹੀ ਰੱਖਿਆ ਕਿ ਜ਼ਿੰਦਗੀ ਪਟੜੀ ਉਤੇ ਬਣੀ ਰਹੇ ਅਤੇ ਸਮਾਂ ਪਾਉਣ ‘ਤੇ ਪੂਰੀ ਰਫਤਾਰ ਫੜ ਲਵੇ।
ਪਰ ਰੁਜ਼ਗਾਰ ਦਾਤਾ ਦਸਦੇ ਹਨ ਕਿ ਕਾਮਿਆਂ ਦੀ ਤਨਖਾਹ ਤਾਂ ਆ ਕੇ ਕਾਮੇ ਦੇ ਖਾਤੇ ਵਿਚ ਚਲੇ ਗਈ ਪਰ ਇਸਦੇ ਨਾਲ ਰੁਜ਼ਗਾਰ ਦਾਤਾ ਨੂੰ ਕੁਝ ਹੋਰ ਖਰਚੇ ਵੀ ਪੈ ਗਏ ਜਿਸਦਾ ਸਰਕਾਰ ਨੇ ਧਿਆਨ ਨਹੀਂ ਰੱਖਿਆ।