ਬਲਾਚੌਰ, 25 ਜੁਲਾਈ 2020 – ਬਲਾਚੌਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਕੁੱਝ ਲੋਕਾਂ ਵਲੋਂ ਝੂਠੀ ਖਬਰ ਬਣਾ ਕੇ ਸ਼ੋਸਲ ਮੀਡੀਆ ‘ਤੇ ਪਾ ਕੇ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਮੀਤ ਪ੍ਰਧਾਨ ਤੇ ਪੰਥਕ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਪੰਥਕ ਕਿਰਦਾਰ ਨੂੰ ਢਾਹ ਲਗਾਉਣ ਦੀ ਕੋਸ਼ਿਸ ਦਾ ਗੰਭੀਰ ਨੋਟਿਸ ਲਿਆ ਅਤੇ ਕਿਹਾ ਕਿ ਅਜਿਹੀਆਂ ਕੋਝੀਆ ਸਾਜਿਸ਼ਾਂ ਰਚਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖਸਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਕੋਝੀ ਸਾਜਿਸ਼ ਨੂੰ ਲੈ ਕੇ ਪ੍ਰੋ. ਚੰਦੂਮਾਜਰਾ ਦੇ ਸਮਰਥਕਾਂ ਵਿਚ ਭਾਰੀ ਰੋਸ਼ ਹੈ ਅਤੇ ਹਰ ਜਿਲ੍ਹੇ ਦੇ ਪੁਲਿਸ ਮੁਖੀਆਂ ਨੂੰ ਸਮਰਥਕਾਂ ਵੱਲੋਂ ਸ਼ਿਕਾਇਤਾਂ ਸ਼ੌਂਪ ਕੇ ਉਸ ਦੀ ਪਹਿਚਾਣ ਨੂੰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਕਿ ਅਜਿਹੇ ਸਾਜਿਸ਼ਕਾਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਝੂਠੀਆਂ ਖਬਰਾਂ ਸ਼ੋਸ਼ਲ ਮੀਡੀਆ ‘ਤੇ ਪਾ ਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪੰਥਕ ਮੁੱਦਿਆਂ ‘ਤੇ ਕੀਤੇ ਸੰਘਰਸ਼ ਨੂੰ ਭੁਲਾਇਆ ਨਹੀਂ ਜਾ ਸਕਦਾ।
ਪੰਥਕ ਆਗੂਆਂ ਨੇ ਕਿਹਾ ਕਿ ਪ੍ਰੋ. ਚੰਦੂਮਾਜਰਾ ਉਹ ਆਗੂ ਹਨ, ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਰਹਿੰਦੀਆਂ ਸੰਸਦ ਵਿਚ ਚਾਰੇ ਸਾਹਿਬਜਾਦਿਆਂ ਦੀ ਸਹਾਦਤ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹਾਦਤ ਦਾ ਜਿਕਰ ਕਰਦਿਆਂ ਸੰਸਦ ਵਿਚ ਸਾਰੇ ਪਾਰਲੀਮੈਂਟ ਮੈਂਬਰਾਂ ਦਾ ਮੋਨ ਰਖਵਾਇਆ। ਕਈ ਦਹਾਕਿਆਂ ਤੋਂ ਲਟਕਦੀ ਆ ਰਹੀ ਕਾਲੀ ਸੁਚੀ ਨੂੰ ਖਤਮ ਕਰਨ, ਬੰਦੀ ਸਿੰਘਾ ਦੀ ਰਿਹਾਹੀ, 1984 ਦੰਗਿਆਂ ਲਈ ਜਿੰਮੇਵਾਰ ਸੱਜਣ ਸਿੰਘ ਨੂੰ ਜੇਲ ਦੀਆਂ ਸਲ਼ਾਖਾ ਪਿਛੇ ਪਾਹੁੰਚਾਣ ਵਿਚ ਅਹਿਮ ਭੂਮਿਕਾ ਨਿਭਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਧਰਤੀ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਨੰਦੇੜ ਏਅਰਪੋਰਟ ਨੂੰ ਦੁਬਾਰਾ ਚਾਲੂ ਕਰਵਾਇਆ।
ਚੰਡੀਗੜ੍ਹ ਅਤੇ ਦਿੱਲੀ ਤੋਂ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਲਈ ਸਿੱਧੀਆਂ ਫਲਾਇਟਾਂ ਚਲਾਉਣ ਲਈ ਕੀਤੇ ਉਹਨਾਂ ਵੱਲੋਂ ਕੀਤੇ ਯਤਨਾ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ। ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਲੋਕ ਸਭਾ ਮੈਂਬਰ ਹੁੰਦਿਆਂ ਲੋਕ ਸਭਾ ਵਿਚ ਇਕੱਲੇ ਮੁੱਦਾ ਉਠਾ ਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੂੰ ਨਾਲ ਲੈ ਕੇ ਜਲਿਆਵਾਲਾ ਬਾਗ ਵਿਖੇ ਸ੍ਰੀ ਉਧਮ ਸਿੰਘ ਦਾ ਬੁੱਤ ਲਗਾਇਆ। ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਨੈਸ਼ਨਲ ਹਾਈਵੇ ਦੇ ਮੁੰਕਮਲ ਹੋਏ ਪੁਲ ਵਿਚੋਂ ਸੰਗਤਾਂ ਲਈ ਰਾਸਤਾ ਦਿਵਾਇਆ।
ਮੈਂਬਰ ਲੋਕ ਸਭਾ ਹੁੰਦਿਆਂ ਸਿੱਖਾਂ ਦੇ ਪਾਵਨ ਤਖਤਾਂ ਨੂੰ ਜੋੜਨ ਵਾਲੀਆਂ ਟਰੇਨਾ ਚਾਲੂ ਕਰਵਾਈਆਂ। ਸਾਡੇ ਇਤਿਹਾਸ ਵਿਚ ਜਿਹੜਾ ਬਾਬਰ ਅਤੇ ਹੋਰ ਮੁਗਲਾਂ ਦਾ ਇਤਿਹਾਸ ਪੜਾਇਆ ਜਾ ਰਿਹਾ ਸੀ ਉਸ ਦੇ ਖਿਲਾਫ ਲੋਕ ਸਭਾ ਵਿਚ ਅਵਾਜ਼ ਬੁਲੰਦ ਕੀਤੀ। ਐਨ.ਸੀ.ਆਰ.ਟੀ. ਦੀਆਂ ਕਿਤਾਬਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਬੰਦਾ ਬਹਾਦਰ ਅਤੇ ਹੋਰ ਸ਼ਹੀਦਾ ਦੇ ਇਤਿਹਾਸ ਨੂੰ ਸ਼ਾਮਲ ਕਰਵਾਇਆ। ਅਜਿਹੇ ਪੰਥਕ ਆਗੂ ਦੇ ਖਿਲਾਫ ਕੀਤੀ ਗਈ ਇਸ ਸਾਜਿਸ਼ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਜਿਸ਼ ਕਰਨ ਵਾਲਿਆਂ ਨੂੰ ਬੇਨਕਾਬ ਕੀਤਾ ਜਾਵੇਗਾ।