ਪੰਜਾਬ ਪੁਲੀਸ ਵੱਲੋਂ ਮੂਸੇਵਾਲਾ ਨੂੰ ਮਿਲੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਦੀ ਤਿਆਰੀ
ਚੰਡੀਗੜ੍ਹ, 20 ਜੁਲਾਈ -ਪੰਜਾਬ ਪੁਲੀਸ ਦੀ ਕ੍ਰਾਈਮ ਸ਼ਾਖਾ ਨੇ ਵਿਵਾਦਾਂ ਵਿੱਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਸੰਜੂ’ ਨਾਲ ਹਿੰਸਾ ਅਤੇ ਬੰਦੂਕ ਸਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਦੋਸ਼ ਹੇਠ ਇੱਕ ਹੋਰ ਮੁੱਕਦਮਾ ਦਰਜ ਕੀਤਾ ਹੈ| ਜ਼ਿਕਰਯੋਗ ਹੈ ਇਹ ਗੀਤ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਰਿਲੀਜ਼ ਹੋਇਆ ਸੀ| ਇਸ ਦੌਰਾਨ ਪੰਜਾਬ ਪੁਲੀਸ ਨੇ ਸਿੱਧੂ ਮੂਸੇਵਾਲਾ ਨੂੰ ਅਸਲਾ ਕਾਨੂੰਨ ਦੇ ਕੇਸ ਵਿੱਚ ਮਿਲੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਲਈ ਤਿਆਰੀ ਵੀ ਕਰ ਲਈ ਹੈ|
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਏ ਡੀ ਜੀ ਪੀ ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਸ੍ਰੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਮੂਸੇਵਾਲਾ ਖ਼ਿਲਾਫ਼ ਪੁਲੀਸ ਥਾਣਾ ਸਟੇਟ ਕ੍ਰਾਈਮ ਪੰਜਾਬ, ਫੇਜ਼ 4, ਮੁਹਾਲੀ ਵਿਖੇ ਆਈਪੀਸੀ ਦੀ ਧਾਰਾ 188/294/504/120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ|
ਉਹਨਾਂ ਕਿਹਾ ਕਿ ਗਾਇਕ ਦਾ ਗੀਤ ‘ਸੰਜੂ’ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੱਜ ਰਿਹਾ ਹੈ ਅਤੇ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ ਜਿਸ ਵਿੱਚ ਵੱਖ-ਵੱਖ ਐਫ ਆਈ ਆਰਜ਼ ਦਰਜ ਹੋਣ ਨੂੰ ਵਡਿਆਈ ਦੱਸਿਆ ਗਿਆ ਹੈ| ਇਹਨਾਂ ਵਿੱਚੋਂ ਇੱਕ ਮਾਮਲਾ ਅਸਲਾ ਕਾਨੂੰਨ ਅਧੀਨ ਦਰਜ ਕੀਤਾ ਗਿਆ ਹੈ| ਏਡੀਜੀਪੀ ਨੇ ਕਿਹਾ ਕਿ ਪੁਲੀਸ ਛੇਤੀ ਹੀ ਹਾਈਕੋਰਟ ਦੁਆਰਾ ਮੂਸੇਵਾਲਾ ਨੂੰ ਦਿੱਤੀ ਗਈ ਅਗਾਊਂ ਜ਼ਮਾਨਤ ਰੱਦ ਕਰਨ ਲਈ ਪਟੀਸ਼ਨ ਦਾਇਰ ਕਰੇਗੀ|
ਸ੍ਰੀ ਸ਼ੁਕਲਾ ਨੇ ਕਿਹਾ ਕਿ ਪੁਲੀਸ ਵਲੋਂ ਇਸ ਗੱਲ ਦੀ ਤਸਦੀਕ ਕੀਤੀ ਜਾ ਚੁੱਕੀ ਹੈ ਕਿ ਇਹ ਨਵਾਂ ਵੀਡੀਓ-ਗੀਤ, ‘ਸੰਜੂ’ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ਉੱਤੇ ਅਪਲੋਡ ਕੀਤਾ ਗਿਆ ਸੀ| ਇਸ ਗੀਤ ਵਿੱਚ ਮੂਸੇਵਾਲਾ ਨੇ ਉਸਦੇ ਖਿਲਾਫ ਅਸਲਾ ਐਕਟ ਦੇ ਤਹਿਤ ਦਰਜ ਕੀਤੇ ਕੇਸ ਦਾ ਹਵਾਲਾ ਦਿੱਤਾ ਹੈ ਅਤੇ ਵੀਡੀਓ ਦੀ ਸ਼ੁਰੂਆਤ ਵੀ ਉਸ ਸਬੰਧੀ ਇੱਕ ਨਿਊਜ਼-ਕਲਿੱਪ ਤੋਂ ਹੁੰਦੀ ਹੈ ਜਿਸ ਲਈ ਪੁਲੀਸ ਨੇ ਏ.ਕੇ. 47 ਰਾਈਫਲ ਦੀ ਅਣਅਧਿਕਾਰਤ ਵਰਤੋਂ ਲਈ ਉਸ ਵਿਰੁੱਧ ਕੇਸ ਦਰਜ ਕੀਤਾ ਸੀ| ਉਹਨਾਂ ਕਿਹਾ ਕਿ ਇਸ ਵੀਡੀਓ ਵਿੱਚ, ਮੂਸੇਵਾਲਾ ਦੀ ਨਿਊਜ਼ ਕਲਿੱਪ ਨੂੰ ਬਾਅਦ ਵਿੱਚ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਅਜਿਹੇ ਜ਼ੁਰਮਾਂ ਲਈ ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਸੁਣਾਏ ਜਾਣ ਦੀਆਂ ਖ਼ਬਰਾਂ ਨਾਲ ਮਿਲਾ ਦਿੱਤਾ ਗਿਆ ਹੈ| ਸ੍ਰੀ ਸ਼ੁਕਲਾ ਨੇ ਕਿਹਾ ਕਿ ਗੀਤ ਦੇ ਬੋਲ ਅਤੇ ਵੀਡਿਓ ਗੈਰ-ਕਾਨੂੰਨੀ ਹਥਿਆਰਾਂ ਨੂੰ ਰੱਖਣ ਅਤੇ ਉਹਨਾਂ ਦੀ ਵਰਤੋਂ ਕਰਨ ਨੂੰ ਉਤਸ਼ਾਹਤ ਕਰਦੇ ਹਨ ਅਤੇ ਇੱਕ ਵਿਅਕਤੀ ਤੇ ਐਫ ਆਈ ਆਰ ਦਰਜ ਹੋਣ ਨੂੰ ਮਾਣ ਵਾਲੀ ਗੱਲ ਦੱਸਦੇ ਹਨ|
ਸ੍ਰੀ ਸ਼ੁਕਲਾ ਨੇ ਕਿਹਾ ਕਿ ਇਸ ਗਾਣੇ ਦੇ ਬੋਲ ‘ਗੱਭਰੂ ਦੇ ਨਾਲ ਸੰਤਾਲੀ (47) ਜੁੜ ਗਈ, ਘੱਟੋ ਘੱਟ ਸਜ਼ਾ ਪੰਜ ਸਾਲ ਵੱਟ ਤੇ, ਗੱਭਰੂ ਉੱਤੇ ਕੇਸ ਜਿਹੜਾ ਸੰਜੈ ਦੱਤ ਤੇ, ਅਵਾ ਤਬਾ ਬੋਲਦੇ ਵਕੀਲ ਸੋਹੀਣੇ, ਸਾਰੀ ਦੁਨੀਆਂ ਦਾ ਉਹ ਜੱਜ ਸੁਣੀਦਾ, ਜਿੱਥੇ ਸਾਡੀ ਚਲਦੀ ਅਪੀਲ ਸੋਹਣੀਏ’ ਨਾ ਸਿਰਫ਼ ਗੈਰਕਾਨੂੰਨੀ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਦੇ ਹਨ ਸਗੋਂ ਨਿਆਂਪਾਲਿਕਾ, ਪੁਲੀਸ ਅਤੇ ਵਕੀਲਾਂ ਨੂੰ ਵੀ ਨੀਵਾਂ ਵਿਖਾਉਂਦੇ ਹਨ| ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਵਲੋਂ ਹਾਲ ਹੀ ਵਿੱਚ ਗਾਇਆ ਗੀਤ ਸਪਸ਼ਟ ਤੌਰ ਤੇ ਨਾ ਸਿਰਫ ਪੁਲੀਸ ਅਤੇ ਨਿਆਂਪਾਲਿਕਾ ਦਾ ਮਜ਼ਾਕ ਉਡਾਉਂਦਾ ਹੈ ਬਲਕਿ ਇਹ ਵੀ ਦਰਸਾਉਂਦਾ ਹੈ ਕਿ ਗਾਇਕ ਕਦੇ ਨਹੀਂ ਸੁਧਰ ਸਕਦਾ ਅਤੇ ਉਹ ਵਾਰ-ਵਾਰ ਇਸ ਤਰ੍ਹਾਂ ਦੇ ਅਪਰਾਧ ਕਰਦਾ ਰਹੇਗਾ|
ਏਡੀਜੀਪੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਹੀ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ ਨਿਰਦੇਸ਼ ਦਿੱਤੇ ਸਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਲਾਈਵ ਸ਼ੋਅਜ਼ ਦੌਰਾਨ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਕੋਈ ਵੀ ਗੀਤ ਸਟੇਜ ਤੇ ਨਾ ਗਾਏ ਜਾਣ| ਇੱਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਗੀਤਾਂ ਵਿੱਚ ਹਿੰਸਾ ਅਤੇ ਬੰਦੂਕ ਦੇ ਸਭਿਆਚਾਰ ਦੇ ਪ੍ਰਸਾਰ ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਸੂਬਾ ਪੁਲੀਸ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਅਜਿਹੇ ਗਾਇਕਾਂ ਪ੍ਰਤੀ ਕੋਈ ਢਿੱਲ ਜਾਂ ਰਿਆਇਤ ਨਾ ਵਰਤੀ ਜਾਵੇ, ਜਿਹੜੇ ਨਿਰਦੋਸ਼ ਨੌਜਵਾਨਾਂ ਨੂੰ ਹਿੰਸਾ ਅਤੇ ਗੁੰਡਾਗਰਦੀ ਦੇ ਰਸਤੇ ਤੇ ਚੱਲਣ ਲਈ ਉਤਸ਼ਾਹਿਤ ਕਰਦੇ ਹਨ|