ਫਰੀਦਕੋਟ, 7 ਜੂਨ 2020 – ਭਾਰਤ ਸਰਕਾਰ ਵੱਲੋ ਕੋਵਿਡ -19 ਨੂੰ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ ਅਤੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਹਾਂਮਾਰੀ ਦੇ ਬਚਾਅ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ। ਇਸ ਲਈ 23 ਮਾਰਚ ਤੋਂ ਜ਼ਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਅਗਲੇ ਹੁਕਮਾਂ ਤੱਕ ਕਰਫਿਊ ਲਗਾਇਆ ਗਿਆ ਸੀ ਅਤੇ ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਵੱਲੋ ਜਾਰੀ ਆਦੇਸ਼ਾਂ ਮੁਤਾਬਿਕ ਭਾਰਤ ਦੇਸ਼ ਵਿੱਚ ਕੰਨਟੇਨਮੈਂਟ ਜੋਨਾਂ ਵਿੱਚ ਲਾਕਡਾਊਨ ਮਿਤੀ 30.06.2020 ਤੱਕ ਵਧਾ ਦਿੱਤਾ ਗਿਆ ਹੈ।
ਇਸ ਤਰ੍ਹਾਂ ਵਧੀਕ ਮੁੱਖ ਸਕੱਤਰ , ਪੰਜਾਬ ਸਰਕਾਰ , ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਫਰੀਦਕੋਟ ਦੀ ਹਦੂਦ ਦੇ ਅੰਦਰ ਰਾਤ 9.00 ਵਜੇ ਤੋਂ ਸਵੇਰੇ 5.00 ਵਜੇ ਤੱਕ ਕਰਫਿਊ ਹੁਕਮ ਲਗਾਉਂਦੇ ਹੋਏ ਸ਼ਹਿਰੀ ਅਤੇ ਪੇਂਡੂ ਏਰੀਏ ਅੰਦਰ ਜਰੂਰੀ ਵਸਤਾਂ ਅਤੇ ਗੈਰ ਜਰੂਰੀ ਵਸਤਾਂ ਦੀਆਂ ਦੁਕਾਨਾਂ / ਬਾਰਬਰ ਦੁਕਾਨਾ / ਬਿਊਟੀ ਪਾਰਲਰ ਅਤੇ ਸਪਾਅ ਦੀਆਂ ਦੁਕਾਨਾਂ ਨੂੰ ਸਵੇਰੇ 07.00 ਵਜੇ ਤੋਂ ਸ਼ਾਮ 07.00 ਵਜੇ ਤੱਕ ਅਤੇ ਸ਼ਰਾਬ ਦੇ ਠੇਕੇ / ਦੁਕਾਨਾਂ ਸਵੇਰੇ 08:00 ਵਜੇ ਤੋਂ ਸ਼ਾਮ 08:00 ਵਜੇ ਤੱਕ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ।
ਹੁਣ ਭਾਰਤ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਮਿਤੀ 04-06-2020 ਨੂੰ ਧਾਰਮਿਕ ਸਥਾਨ/ਪੂਜਾ ਸਥਾਨ ਹੋਟਲ ਅਤੇ ਹੋਰ ਪ੍ਰਾਹੁਣਾਚਾਰੀ ਸੇਵਾਵਾਂ/ਰੈਸਟੋਰੈਂਟ ਅਤੇ ਸ਼ਾਪਿੰਗ ਮਾਲਜ਼ ਖੋਲ੍ਹਣ ਸਬੰਧੀ ਜਾਰੀ ਕੀਤੀ ਐਸ.ਓ.ਪੀ. ਦੇ ਸਬੰਧ ਵਿੱਚ ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਦੀ ਰੌਸ਼ਨੀ ਵਿੱਚ ਜ਼ਿਲ੍ਹਾ ਮੈਜਿਸਟਰੇਟ, ਫਰੀਦਕੋਟ, ਵੱਲੋਂ ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਧਾਰਮਿਕ ਸਥਾਨ / ਪੂਜਾ ਸਥਾਨ / ਹੋਟਲ ਅਤੇ ਹੋਰ ਪ੍ਰਾਹੁਣਾਚਾਰੀ ਸੇਵਾਵਾਂ ਰੈਸਟੋਰੈਂਟ ਅਤੇ ਸ਼ਾਪਿੰਗ ਮਾਲਜ਼ ਨੂੰ ਹੇਠ ਲਿਖੀਆਂ ਸ਼ਰਤਾਂ ਦੇ ਅਧਾਰ ‘ਤੇ ਹਫਤੇ ਦੇ ਸਾਰੇ ਦਿਨ ਖੋਲ੍ਹਣ ਦੇ ਹੁਕਮ ਦਿੱਤੇ ਹਨ:
1. ਸ਼ਾਪਿੰਗ ਮਾਲਜ਼ : ਜ਼ਿਲ੍ਹਾ ਫਰੀਦਕੋਟ ਅੰਦਰ ਕੋਈ ਵੀ ਸ਼ਾਪਿੰਗ ਮਾਲਜ਼ ਨਹੀਂ ਹੈ। ਮਲਟੀਕੰਪਲੈਕਸ ਨਹੀਂ ਖੋਲ੍ਹੇ ਜਾਣਗੇ।
2. ਰੈਸਟੋਰੈਂਟ : ਰੈਸਟੋਰੈਟਜ਼ ਨੂੰ ਮਿਤੀ 15-06-2020 ਤੱਕ ਸਿਰਫ ਹੋਮ ਡਿਲੀਵਰੀ ਵਾਸਤੇ ਸ਼ਾਮ 08.00 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਜਾਂਦੀ ਹੈ। ਰੈਸਟੋਰੈਂਟ ਦੇ ਅੰਦਰ ਬੈਠਕੇ ਖਾਣਾ ਖਾਣ ਅਤੇ ਖਾਣਾ ਵਰਤਾਉਣ ‘ਤੇ ਪਾਬੰਦੀ ਹੋਵੇਗੀ।
ਰੈਸਟੋਰੈਂਟਜ਼ ਦੇ ਪ੍ਰਬੰਧਕ ਰੈਸਟੋਰੈਂਟ ਦੀ ਰਸੋਈ ਅੰਦਰ ਕੰਮ ਕਰਦੇ ਕਰਮਚਾਰੀਆਂ ਦੇ ਹੱਥਾਂ ਦੀ ਸਫਾਈ ਅਤੇ ਮੂੰਹ ਤੇ ਮਾਸਕ ਪਾਉਣਾ ਯਕੀਨੀ ਬਨਾਉਣਗੇ।
3. ਹੋਟਲ ਅਤੇ ਹੋਰ ਪ੍ਰਾਹੁਣਾਚਾਰੀ ਸੇਵਾਵਾਂ:
ਹੋਟਲਾਂ ਵਿੱਚ ਰੈਸਟੋਰੈਂਟ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਅਤੇ ਸਿਰਫ ਹੋਟਲ ਵਿੱਚ ਰੁਕੇ ਮਹਿਮਾਨਾਂ ਨੂੰ ਉਨ੍ਹਾਂ ਦੇ ਕਮਰਿਆਂ ਵਿੱਚ ਖਾਣਾ ਦੇਣ ਦੀ ਹੀ ਖੁੱਲ੍ਹ ਹੋਵੇਗੀ। ਇਸ ਉਪਰੰਤ ਪੰਜਾਬ ਸਰਕਾਰ ਵੱਲੋਂ ਸਥਿਤੀ ਦੀ ਸਮੀਖਿਆ ਮਿਤੀ 15.06.2020 ਨੂੰ ਕਰਨ ਬਾਅਦ ਅਗਲੇ ਹੁਕਮ ਜਾਰੀ ਕੀਤੇ ਜਾਣਗੇ।
ਰਾਤ ਦਾ ਕਰਫਿਊ ਸਖਤੀ ਨਾਲ ਲਾਗੂ ਰਹੇਗਾ। ਵਿਅਕਤੀਆਂ ਦੀ ਆਵਾਜਾਈ ਸਿਰਫ ਸਵੇਰੇ 5.00 ਵਜੇ ਤੋਂ ਰਾਤ 09.00 ਵਜੇ ਤੱਕ ਹੋਵੇਗੀ।
ਇੰਨ੍ਹਾਂ ਥਾਵਾਂ ਦੇ ਪ੍ਰਬੰਧਕ ਹੱਥਾਂ ਦੀ ਸਫਾਈ , ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਨਾਉਣ ਲਈ ਲੋੜੀਦੇ ਪ੍ਰਬੰਧ ਕਰਨਗੇ।
4. ਧਾਰਮਿਕ ਸਥਾਨ / ਪੂਜਾ ਦੇ ਸਥਾਨ :
ਪੂਜਾ ਸਥਾਨ / ਧਾਰਮਿਕ ਸਥਾਨ ਮਿਤੀ 08.06 2020 ਤੋਂ ਸਵੇਰੇ 05.00 ਵਜੇ ਤੋਂ ਸ਼ਾਮ 08.00 ਵਜੇ ਤੱਕ ਖੁੱਲ੍ਹੇ ਰਹਿਣਗੇ। ਪ੍ਰੰਤੂ ਇੱਥੇ ਕਿਸੇ ਕਿਸਮ ਦੇ ਇੱਕਠ ਕਰਨ ‘ਤੇ ਮਨਾਹੀ ਹੋਵੇਗੀ। ਧਾਰਮਿਕ ਸਥਾਨਾਂ ਪੂਜਾ ਸਥਾਨਾਂ ਦੇ ਪ੍ਰਬੰਧਕ ਹੱਥਾਂ ਦੀ ਸਫਾਈ , ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਨਾਉਣਗੇ। ਧਾਰਮਿਕ ਅਤੇ ਪੂਜਾ ਸਥਾਨਾਂ ਤੇ ਪ੍ਰਸ਼ਾਦ ਅਤੇ ਲੰਗਰ ਦੀ ਵੰਡਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਹੋਵੇਗੀ। ਇਨ੍ਹਾਂ ਹੁਕਮਾਂ ਦੀ ਪਾਲਣਾ ਲਈ ਸਮੂਹ ਸੰਸਥਾਨਾਂ ਦੇ ਪ੍ਰਬੰਧਕ ਨਿੱਜੀ ਤੌਰ ‘ਤੇ ਖੁਦ ਜ਼ਿੰਮੇਵਾਰ ਹੋਣਗੇ।
ਇਸ ਦੇ ਨਾਲ ਹੀ ਇਨ੍ਹਾਂ ਸੰਸਥਾਨਾਂ ‘ਤੇ ਜਾਣ ਵਾਲਾ ਵਿਅਕਤੀ ਖੁਦ ਕੋਵਿਡ -19 ਸਬੰਧੀ ਭਾਰਤ ਸਰਕਾਰ / ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਗਾਈਡ ਲਾਈਨਜ਼ ਦਾ ਪਾਬੰਦ ਹੋਵੇਗਾ। ਹਰੇਕ ਵਿਅਕਤੀ / ਕਰਮਚਾਰੀ ਲਈ ਮਾਸਕ ਪਹਿਨਣਾ ਜਰੂਰੀ ਹੋਵੇਗਾ। ਉਲੰਘਣਾ ਦੀ ਸੂਰਤ ਵਿੱਚ ਕੁਤਾਹੀਕਾਰ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਅਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਮਿਤੀ 08.06.2020 ਤੋਂ ਲਾਗੂ ਹੋਣਗੇ।