ਐਸ.ਏ.ਐਸ. ਨਗਰ, 18 ਜੁਲਾਈ – ਐਸ ਏ ਐਸ ਨਗਰ ਵਿੱਚ ਕੋਰੋਨਾ ਦੀ ਮਹਾਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਅੱਜ ਵੀ ਜਿਲ੍ਹੇ ਵਿੱਚ ਕੋਰੋਨਾ ਦੇ 21 ਪਾਜਿਟਿਵ ਮਾਮਲੇ ਸਾਮ੍ਹਣੇ ਆਏ ਹਨ| ਇਹਨਾਂ ਵਿੱਚੋਂ 9 ਮਾਮਲੇ ਸੋਹਾਣਾ ਦੇ ਸੁਪਰ ਸਪੈਸ਼ਲਿਟੀ, ਅੱਖਾਂ ਅਤੇ ਜਨਰਲ ਹਸਪਤਾਲ ਦੇ ਸਟਾਫ ਦੇ ਹਨ ਅਤੇ ਇੰਨੀ ਵੱਡੀ ਪੱਧਰ ਤੇ ਨਵੇਂ ਮਾਮਲੇ ਸਾਮ੍ਹਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਕਾਰਵਾਈ ਕਰਦਿਆਂ ਇਸ ਹਸਪਤਾਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ| ਇੱਥੇ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ 15 ਜੁਲਾਈ ਨੂੰ ਇਸੇ ਹਸਪਤਾਲ ਦੀਆਂ 9 ਨਰਸਾਂ ਅਤੇ ਦੋ ਡਾਕਟਰਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ ਅਤੇ ਸਿਹਤ ਵਿਭਾਗ ਦੀ ਸਿਫ਼ਾਰਸ਼ ਤੇ ਮੁਹਾਲੀ ਪ੍ਰਸ਼ਾਸਨ ਨੇ ਓਪੀਡੀ ਬੰਦ ਕਰਕੇ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਹੋਰ ਸੁਰੱਖਿਅਤ ਥਾਂ ਤੇ ਸ਼ਿਫਟ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਅੱਜ ਸਿਹਤ ਵਿਭਾਗ ਨੇ ਸੋਹਾਣਾ ਹਸਪਤਾਲ ਦਾ ਪੂਰਾ ਕੰਪਲੈਕਸ ਬੰਦ ਕਰਵਾ ਦਿੱਤਾ ਹੈ ਅਤੇ ਇਸਦੀ ਸੈਨੇਟਾਈਜੇਸ਼ਨ ਕੀਤੀ ਜਾ ਰਹੀ ਹੈ|
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਯਾਲਨ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਸਾਹਮਣੇ ਆਏ 21 ਕੇਸਾਂ ਵਿਚ ਸੋਹਾਣਾ ਹਸਪਤਾਲ ਤੋਂ 27, 22, 23, 26, 50 ਸਾਲਾ ਮਹਿਲਾਵਾਂ ਤੇ 22, 29 ਸਾਲਾ ਪੁਰਸ਼, ਸੈਕਟਰ 125 ਸ਼ੰਨੀ ਇੰਨਕਲੇਵ ਖਰੜ ਤੋਂ 34 ਤੇ 48 ਸਾਲਾ ਪੁਰਸ਼ ਤੇ 17 ਤੇ 20 ਸਾਲਾ ਪਹਿਲਾਵਾਂ, ਏ ਓ ਐਮ ਇੰਨਕਲੇਵ ਮੁਹਾਲੀ ਤੋਂ 55 ਸਾਲਾ ਪੁਰਸ਼, ਮੋਤੀਆ ਰੇਗਲ ਢਕੌਲੀ ਤੋਂ 52 ਸਾਲਾ ਪੁਰਸ਼, ਸ਼ੰਨੀ ਇੰਨਕਲੇਵ ਜ਼ੀਰਕਪੁਰ ਤੋਂ 65 ਸਾਲਾ ਪੁਰਸ਼, ਹਾਈ ਲੈਂਡ ਪਾਰਕ ਜ਼ੀਰਕਪੁਰ ਤੋਂ 30 ਸਾਲਾ ਮਹਿਲਾ, ਸੈਕਟਰ 69 ਮੁਹਾਲੀ ਤੋਂ 29, 49 ਸਾਲਾ ਮਹਿਲਾਵਾਂ ਤੇ 27 ਸਾਲਾ ਪੁਰਸ਼, ਮੁਹਾਲੀ ਤੋਂ 35 ਸਾਲਾ ਪੁਰਸ਼, ਖਰੜ ਤੋਂ 25 ਸਾਲਾ ਪੁਰਸ਼, ਪੀਰ ਮੁਛੱਲਾ ਤੋਂ 39 ਸਾਲਾ ਪੁਰਸ਼ ਸ਼ਾਮਲ ਹੈ|
ਉਹਲਾਂ ਦੱਸਿਆ ਕਿ ਠੀਕ ਹੋਏ ਵਿਚ ਸੈਕਟਰ 97 ਮੁਹਾਲੀ ਤੋਂ 69 ਸਾਲਾ ਪੁਰਸ਼, ਫੇਜ਼ 4 ਤੋਂ 35 ਸਾਲਾ ਪੁਰਸ਼, ਕੁਰਾਲੀ ਤੋਂ 15 ਸਾਲਾ ਲੜਕੀ, ਸੈਕਟਰ 78 ਮੁਹਾਲੀ ਤੋਂ 40 ਸਾਲਾ ਪੁਰਸ਼, ਫੇਜ਼ 3 ਮੁਹਾਲੀ ਤੋਂ 25 ਸਾਲਾ ਪੁਰਸ਼ ਅਤੇ ਖਰੜ ਤੋਂ 34, 38 ਸਾਲਾ ਪੁਰਸ਼ ਤੇ 58 ਸਾਲਾ ਮਹਿਲਾ ਸ਼ਾਮਲ ਹੈ ਜਦਕਿ ਪ੍ਰੀਤ ਕਲੋਨੀ ਜ਼ੀਕਰਪੁਰ ਦੇ ਇਕ 43 ਸਾਲਾ ਵਿਅਕਤੀ ਦੀ ਜੀਐਮਸੀਐਚ, ਸੈਕਟਰ 32 ਚੰਡੀਗੜ੍ਹ ਵਿਖੇ ਮੌਤ ਹੋ ਗਈ ਹੈ| ਉਹ ਬਲੱਡ ਸ਼ੂਗਰ ਬਿਮਾਰੀ ਤੋਂ ਪੀੜਤ ਸੀ| ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ ਕੁੱਲ ਕੇਸਾਂ ਦੀ ਗਿਣਤੀ 513 ਹੋ ਗਈ ਹੈ ਜਿਨ੍ਹਾਂ ਵਿਚੋਂ ਐਕਟਿਵ ਕੇਸ 185 ਹਨ| ਕੁੱਲ 318 ਕੇਸ ਠੀਕ ਹੋ ਗਏ ਹਨ ਜਦੋਂ ਕਿ 10 ਮੌਤਾਂ ਹੋਈਆਂ ਹਨ|
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹੋਏ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਕੋਈ ਜੋਖਮ ਨਾ ਲੈਂਦਿਆ, ਨਮੂਨੇ ਲੈਣ ਦੀ ਦਰ ਨੂੰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਵਿਆਪਕ ਪੱਧਰ ਤੇ ਸੰਪਰਕਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇੰਫੈਕਸ਼ਨ ਦੇ ਫੈਲਣ ਨੂੰ ਘਟਾਇਆ ਜਾ ਸਕੇ| ਉਹਨਾਂ ਕਿਹਾ ਕਿ ਕੋਵਿਡ ਦੇ ਕੰਮ ਵਿਚ ਲੱਗੇ ਕਰਮਚਾਰੀਆਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਹੈ ਅਤੇ ਦੂਸਰੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਕੰਟਰੋਲ ਰੂਮ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੇ ਯਾਤਰੀਆਂ ਦੇ ਅੰਕੜਿਆਂ ਦਾ ਰਿਕਾਰਡ ਰੱਖਣ ਵਿਚ ਸਹਾਇਤਾ ਲਈ ਬੁਲਾਇਆ ਗਿਆ ਹੈ| ਉਨ੍ਹਾਂ ਕਿਹਾ ਕਿ ਟੈਸਟਿੰਗ ਟੀਮਾਂ ਅਤੇ ਸੇਫਟੀ ਪ੍ਰੋਟੋਕੋਲ ਲਾਗੂ ਕਰਨ ਵਾਲੀਆਂ ਟੀਮਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਫੈਲਾਅ ਦੇ ਖਤਰੇ ਵਾਲੇ ਇਲਾਕਿਆਂ ਵਿਚ ਘਰ-ਘਰ ਜਾ ਕੇ ਸੈਂਪਲ ਲਏ ਜਾਣਗੇ|