ਸ੍ਰੀ ਮੁਕਤਸਰ ਸਾਹਿਬ, 5 ਜਨਵਰੀ 2024 : ਇਸ ਵਾਰ ਮਾਘੀ ਦੇ ਮੌਕੇ ਘੋੜਿਆਂ ਸਬੰਧੀ ਗਤੀਵਿਧੀਆਂ ਵੇਖਣ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਲੋਕ ਵਾਂਝੇ ਨਹੀਂ ਰਹਿਣਗੇ। ਸੂਬੇ ਦੇ ਘੋੜਾ ਮਾਲਕਾਂ ਅਤੇ ਬਰੀਡਰਾਂ ਨੂੰ ਵੱਡੀ ਖੁਸ਼ਖਬਰੀ ਦਿੰਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਮਾਘੀ ਮੇਲੇ ਦੌਰਾਨ 9 ਤੋਂ 16 ਜਨਵਰੀ ਤੱਕ ਚੱਲਣ ਵਾਲੇ ਪਸ਼ੂਧਨ ਮੇਲੇ ਵਿੱਚ ਘੋੜਿਆਂ ਸਬੰਧੀ ਗਤੀਵਿਧੀਆਂ ਦੀ ਆਗਿਆ ਦੇ ਦਿੱਤੀ ਹੈ। ਇਹ ਜਾਣਕਾਰੀ ਪੰਜਾਬ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਤੇਜ਼ੀ ਨਾਲ ਫੈਲਣ ਵਾਲੀ ਇਸ ਜ਼ੂਨੋਟਿਕ ਗਲੈਂਡਰਜ਼ ਬਿਮਾਰੀ ਨੂੰ ਰੋਕਣ ਅਤੇ ਨੈਸ਼ਨਲ ਐਕਸ਼ਨ ਪਲਾਨ ਫ਼ਾਰ ਗਲੈਂਡਰਜ਼ (ਭਾਰਤ ਸਰਕਾਰ) ਦੇ ਦਿਸ਼ਾ—ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਨੇ ਮਈ 2023 ਵਿੱਚ ਘੋੜਿਆਂ ਸਬੰਧੀ ਗਤੀਵਿਧੀਆਂ ਤੇ ਪਾਬੰਦੀ ਲਗਾ ਦਿੱਤੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਅੰਮ੍ਰਿਤਸਰ, ਬਠਿੰਡਾ, ਲੁਧਿਆਣਾ ਅਤੇ ਹੁਸਿ਼ਆਰਪੁਰ ਜ਼ਿਲ੍ਹਿਆਂ ਤੋਂ ਘੋੜਿਆਂ ਵਿੱਚ ਗਲੈਂਡਰਜ਼ ਬਿਮਾਰੀ ਫੈਲਣ ਦੀਆਂ ਰਿਪੋਰਟਾਂ ਮਿਲੀਆਂ ਸਨ, ਜਿਸ ਕਾਰਨ ਸੂਬਾ ਸਰਕਾਰ ਨੇ ਘੋੜਿਆਂ ਸਬੰਧੀ ਗਤੀਵਿਧੀਆਂ ਤੇ ਪਾਬੰਦੀ ਲਗਾ ਦਿੱਤੀ ਸੀ।