ਨਵੀਂ ਦਿੱਲੀ, 17 ਜੁਲਾਈ – ਦਿੱਲੀ ਵਿੱਚ ਦੇਹ ਵਪਾਰ ਦਾ ਸਭ ਤੋਂ ਵੱਡਾ ਰੈਕੇਟ ਚਲਾਉਣ ਵਾਲੀ ਸੋਨੂੰ ਪੰਜਾਬਣ ਉਰਫ ਗੀਤਾ ਅਰੋੜਾ ਪਹਿਲੀ ਵਾਰ ਕਿਸੇ ਕੇਸ ਵਿੱਚ ਦੋਸ਼ੀ ਕਰਾਰ ਦਿੱਤੀ ਗਈ ਹੈ| ਸੋਨੂੰ ਪੰਜਾਬਣ ਨੂੰ 12 ਸਾਲ ਦੀ ਬੱਚੀ ਨੂੰ ਅਗਵਾ ਕਰਨ, ਦੇਹ ਵਪਾਰ ਅਤੇ ਮਨੁੱਖੀ ਤਸਕਰੀ ਦੇ ਦੋਸ਼ ਵਿੱਚ ਦਿੱਲੀ ਦੀ ਦਵਾਰਕਾ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ| ਸੋਨੂੰ ਪੰਜਾਬਣ ਨਾਲ ਇਕ ਹੋਰ ਦੋਸ਼ੀ ਸੰਦੀਪ ਬੇਦਵਾਲ ਨੂੰ ਵੀ ਕੋਰਟ ਨੇ ਦੋਸ਼ੀ ਮੰਨਿਆ ਹੈ|
ਸਾਲ 2009 ਵਿੱਚ ਦਿੱਲੀ ਦੇ ਹਰਸ਼ ਵਿਹਾਰ ਇਲਾਕੇ ਦੀ ਰਹਿਣ ਵਾਲੀ 12 ਸਾਲਾ ਬੱਚੀ ਨੂੰ ਅਗਵਾ ਕੀਤਾ ਗਿਆ ਸੀ| 5 ਸਾਲ ਬਾਅਦ ਉਹ ਬੱਚੀ 2014 ਵਿੱਚ ਨਜਫਗੜ੍ਹ ਥਾਣੇ ਪਹੁੰਚੀ ਅਤੇ ਉਸ ਨੇ ਆਪਬੀਤੀ ਦੱਸੀ| ਬੱਚੀ ਨੇ ਪੁਲੀਸ ਨੂੰ ਦੱਸਿਆ ਕਿ ਸਾਲ 2006 ਵਿੱਚ ਜਦੋਂ ਉਹ 6ਵੀਂ ਜਮਾਤ ਵਿੱਚ ਪੜ੍ਹ ਰਹੀ ਸੀ, ਉਦੋਂ ਉਸ ਦੀ ਦੋਸਤੀ ਸੰਦੀਪ ਬੇਦਵਾਲ ਨਾਂ ਦੇ ਵਿਅਕਤੀ ਨਾਲ ਹੋਈ| ਸਾਲ 2009 ਵਿੱਚ ਸੰਦੀਪ ਨੇ ਬੱਚੀ ਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਆਪਣੇ ਨਾਲ ਲਕਸ਼ਮੀ ਨਗਰ ਲੈ ਗਿਆ ਅਤੇ ਉੱਥੇ ਉਸ ਨੇ ਉਸ ਨਾਲ ਰੇਪ ਕੀਤਾ| ਇਸ ਤੋਂ ਬਾਅਦ ਸੰਦੀਪ ਨੇ ਬੱਚੀ ਨੂੰ ਵੱਖ-ਵੱਖ ਲੋਕਾਂ ਨੂੰ 10 ਵਾਰ ਵੇਚਿਆ| ਇਸ ਦੌਰਾਨ ਬੱਚੀ ਸੋਨੂੰ ਪੰਜਾਬਣ ਕੋਲ ਹੀ ਰਹੀ, ਜਿਸ ਨੇ ਉਸ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਜ਼ਬਰਨ ਧੱਕਿਆ|
ਬੱਚੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਨਸ਼ੇ ਦੇ ਟੀਕੇ ਦਿੱਤੇ ਜਾਂਦੇ ਸਨ| ਜਦੋਂ ਉਹ ਕਿਸੇ ਕੋਲ ਜਾਣ ਤੋਂ ਮਨ੍ਹਾ ਕਰਦੀ ਤਾਂ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਵੀ ਜਾਂਦਾ ਸੀ| ਇਸ ਦੌਰਾਨ ਬੱਚੀ ਨੂੰ ਦਿੱਲੀ ਤੋਂ ਹਰਿਆਣਾ ਅਤੇ ਪੰਜਾਬ ਵੀ ਭੇਜਿਆ ਜਾਂਦਾ ਸੀ| ਆਖਰ ਵਿੱਚ ਇਕ ਸਤਪਾਲ ਨਾਂ ਦੇ ਵਿਅਕਤੀ ਨੇ ਬੱਚੀ ਨਾਲ ਜ਼ਬਰਦਸਤੀ ਵਿਆਹ ਕਰ ਲਿਆ| ਬੱਚੀ ਕਿਸੇ ਤਰ੍ਹਾਂ ਉਸ ਦੇ ਚੰਗੁਲ ਤੋਂ ਛੁੱਟ ਕੇ ਨਜਫਗੜ੍ਹ ਥਾਣੇ ਪਹੁੰਚੀ| ਸੋਨੂੰ ਪੰਜਾਬਣ ਦਿੱਲੀ ਅਤੇ ਨੇੜਲੇ ਰਾਜਾਂ ਵਿੱਚ ਦੇਹ ਵਪਾਰ ਦਾ ਧੰਦਾ ਚਲਾਉਣ ਲਈ ਜਾਣੀ ਜਾਂਦੀ ਸੀ ਅਤੇ ਕਈ ਵਾਰ ਦਿੱਲੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਪਰ ਹਰ ਵਾਰ ਉਹ ਛੁੱਟ ਜਾਂਦੀ ਸੀ| ਲੰਬੀ ਲੜਾਈ ਤੋਂ ਬਾਅਦ ਆਖਰਕਾਰ ਸੋਨੂੰ ਪੰਜਾਬਣ ਦੋਸ਼ੀ ਠਹਿਰਾਈ ਗਈ|