ਵਾਸ਼ਿੰਗਟਨ , 17 ਜੁਲਾਈ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਚੀਨ ਦੇ ਲੋਕਾਂ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਹਰ ਸੰਭਵ ਕਦਮ ਚੁੱਕਣਾ ਚਾਹੁੰਦੇ ਹਨ| ਪਿਛਲੇ ਕਈ ਹਫਤਿਆਂ ਵਿੱਚ ਟਰੰਪ ਪ੍ਰਸ਼ਾਸਨ ਚੀਨ ਦੇ ਵਿਰੁੱਧ ਭਾਰਤ ਦੇ ਸਮਰਥਨ ਵਿਚ ਅੱਗੇ ਆਇਆ ਹੈ|ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕਾਇਲੇ ਮੈਕਨੇਨੀ ਨੇ ਇੱਥੇ ਪੱਤਰਕਾਰ ਸੰਮੇਲਨ ਵਿੱਚ ਕਿਹਾ,”ਟਰੰਪ ਨੇ ਕਿਹਾ ਕਿ ਮੈਂ ਭਾਰਤ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਚੀਨ ਦੇ ਲੋਕਾਂ ਨੂੰ ਵੀ ਪਿਆਰ ਕਰਦਾ ਹਾਂ| ਮੈਂ ਉਹਨਾਂ ਲੋਕਾਂ ਲਈ ਸ਼ਾਂਤੀ ਬਣਾਈ ਰੱਖਣ ਦੇ ਲਈ ਹਰ ਸੰਭਵ ਕਦਮ ਚੁੱਕਣਾ ਚਾਹੁੰਦਾ ਹਾਂ|” ਉਹ ਟੰਰਪ ਦੇ ਭਾਰਤ ਦੇ ਲਈ ਸੰਦੇਸ਼ ਤੇ ਇਕ ਸਵਾਲ ਦੇ ਜਵਾਬ ਦੇ ਰਹੀ ਸੀ| ਭਾਰਤ ਅਤੇ ਚੀਨ ਦੇ ਵਿਚਾਲੇ ਪੂਰਬੀ ਲੱਦਾਖ ਵਿੱਚ ਵਾਸਤਵਿਕ ਕੰਟਰੋਲ ਰੇਖਾ ਤੇ ਹਾਲ ਹੀ ਵਿਚ ਗਤੀਰੋਧ ਪੈਦਾ ਹੋਇਆ ਸੀ| ਇਸ ਤੋਂ ਇਕ ਦਿਨ ਪਹਿਲਾਂ ਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ ਲੈਰੀ ਕੁਡਲੌ ਨੇ ਭਾਰਤ ਨੂੰ ਵੱਡਾ ਸਹਿਯੋਗੀ ਦੱਸਦਿਆਂ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਚੰਗੇ ਦੋਸਤ ਹਨ| ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਕਿ ਭਾਰਤ, ਅਮਰੀਕਾ ਦਾ ਵੱਡਾ ਹਿੱਸੇਦਾਰ ਰਿਹਾ ਹੈ| ਉਹਨਾਂ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ,”ਭਾਰਤ ਇਕ ਵੱਡਾ ਹਿੱਸੇਦਾਰ ਰਿਹਾ ਹੈ| ਉਹ ਸਾਡੇ ਮਹੱਤਵਪੂਰਨ ਹਿੱਸੇਦਾਰ ਹਨ| ਮੇਰੇ ਭਾਰਤ ਦੇ ਵਿਦੇਸ਼ ਮੰਤਰੀ ਨਾਲ ਬਹੁਤ ਚੰਗੇ ਸੰਬੰਧ ਹਨ| ਅਸੀਂ ਅਕਸਰ ਵਿਆਪਕ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ| ਅਸੀਂ ਉਹਨਾਂ ਦੇ ਚੀਨ ਦੇ ਨਾਲ ਸਰਹੱਦ ਤੇ ਹੋਏ ਗਤੀਰੋਧ ਤੇ ਵੀ ਗੱਲ ਕੀਤੀ| ਅਸੀਂ ਉੱਥੇ ਚੀਨ ਦੇ ਦੂਰਸੰਚਾਰ ਬੁਨਿਆਦੀ ਢਾਂਚੇ ਤੋਂ ਪੈਦਾ ਹੋ ਰਹੇ ਖਤਰੇ ਦੇ ਬਾਰੇ ਵਿਚ ਗੱਲ ਕੀਤੀ|”
ਯੂਰਪ ਵਿੱਚ ਯਾਤਰਾ ਕਰਦੇ ਹੋਏ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਚੀਨ, ਭਾਰਤ ਦੇ ਨਾਲ ਬਹੁਤ ਹਮਲਾਵਰ ਰਿਹਾ ਹੈ| ਬ੍ਰਾਇਨ ਨੇ ਕਿਹਾ ਕਿ ਭਾਰਤ ਇਕ ਲੋਕਤੰਤਰ ਦੇਸ਼ ਹੈ ਅਤੇ ਅਮਰੀਕਾ ਦਾ ਚੰਗਾ ਦੋਸਤ ਹੈ| ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੇ ਵਿੱਚ ਸ਼ਾਨਦਾਰ ਰਿਸ਼ਤੇ ਹਨ| ਉਹਨਾਂ ਨੇ ਕਿਹਾ,”ਇੱਥੋਂ ਤੱਕ ਕਿ ਕੋਵਿਡ-19 ਸੰਕਟ ਤੋਂ ਪਹਿਲਾਂ ਰਾਸ਼ਟਰਪਤੀ ਦੇ ਨਾਲ ਜੋ ਮੈਂ ਆਖਰੀ ਵਿਦੇਸ਼ ਯਾਤਰਾ ਕੀਤੀ ਸੀ ਉਹ ਭਾਰਤ ਦੀ ਸੀ ਅਤੇ ਇੱਥੇ ਭਾਰਤੀ ਲੋਕਾਂ ਨੇ ਸਾਡਾ ਸ਼ਾਨਦਾਰ ਸਵਾਗਤ ਕੀਤਾ| ਉਹਨਾਂ ਅਤੇ ਸਾਡੇ ਵਿਚ ਕਾਫੀ ਕੁਝ ਸਮਾਨਤਾਵਾਂ ਹਨ ਅਸੀਂ ਅੰਗਰੇਜ਼ੀ ਬੋਲਦੇ ਹਾਂ, ਅਸੀਂ ਲੋਕਤੰਤਰ ਹਾਂ| ਸਾਡੇ ਭਾਰਤ ਦੇ ਨਾਲ ਸੰਬੰਧ ਮਜ਼ਬੂਤ ਹਨ|”
ਵ੍ਹਾਈਟ ਹਾਊਸ ਦੇ ਬਿਆਨ ਦਾ ਸਵਾਗਤ ਕਰਦਿਆਂ ਟਰੰਪ ਵਿਕਟਰੀ ਇੰਡੀਅਨ ਅਮੇਰਿਕਨ ਫਾਈਨੈਂਸ ਕਮੇਟੀ ਦੇ ਸਹਿ-ਪ੍ਰਧਾਨ ਅਲ ਮੈਸਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੇ ਉਲਟ ਟਰੰਪ ਭਾਰਤ ਦੇ ਸਮਰਥਨ ਵਿੱਚ ਖੁੱਲ੍ਹੇ ਤੌਰ ਤੇ ਆ ਗਏ ਹਨ| ਮੈਸਨ ਨੇ ਇਕ ਬਿਆਨ ਵਿਚ ਕਿਹਾ, ”ਜ਼ਿਆਦਾਤਰ ਭਾਰਤੀ-ਅਮਰੀਕੀਆਂ ਨੇ ਦੇਖਿਆ ਹੈ ਕਿ ਪਹਿਲਾਂ ਜਿਹੜਾ ਵੀ ਰਾਸ਼ਟਰਪਤੀ ਰਿਹਾ ਭਾਵੇਂ ਉਹ ਡੈਮੋਕ੍ਰੇਟ ਹੋਵੇ ਜਾਂ ਰੀਪਬਲਿਕਨ ਜਿਵੇਂ ਕਿ ਕਲਿੰਟਨ ਜਾਂ ਬੁਸ਼ ਜਾਂ ਓਬਾਮਾ ਇਹ ਸਾਰੇ ਚੀਨ ਦੇ ਨਾਰਾਜ਼ ਹੋਣ ਦੇ ਡਰ ਨਾਲ ਖੁੱਲ੍ਹੇ ਤੌਰ ਤੇ ਭਾਰਤ ਦਾ ਪੱਖ ਲੈਣ ਤੋਂ ਡਰਦੇ ਰਹੇ|” ਉਹਨਾਂ ਨੇ ਕਿਹਾ,”ਸਿਰਫ ਰਾਸ਼ਟਰਪਤੀ ਟਰੰਪ ਨੇ ਭਾਰਤ ਵਿਚ ਹੋਈ ‘ਨਮਸਤੇ ਟਰੰਪ’ ਰੈਲੀ ਵਿੱਚ ਇਕ ਅਰਬ ਤੋਂ ਵਧੇਰੇ ਭਾਰਤੀਆਂ ਨੂੰ ਇਹ ਕਹਿਣ ਦਾ ਹੌਂਸਲਾ ਦਿਖਾਇਆ ਕਿ ਮੈਂ ਭਾਰਤ ਨੂੰ ਪਿਆਰ ਕਰਦਾ ਹਾਂ| ਅਮਰੀਕਾ ਭਾਰਤ ਦਾ ਸਨਮਾਨ ਕਰਦਾ ਹੈ ਅਤੇ ਭਾਰਤ ਦੇ ਨਾਲ ਖੜ੍ਹਾ ਹੈ|”