ਨਵੀਂ ਦਿੱਲੀ , 29 ਨਵੰਬਰ 2021: ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲੇ ਸੰਘਰਸ਼ ਦੌਰਾਨ ਇਸ ਲੜਾਈ ਲਈ ਘਰਾਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਪੁੱਜੇ ਕਿਸਾਨਾਂ ,ਕਿਸਾਨ ਪ੍ਰੀਵਾਰਾਂ ਦੀਆਂ ਔਰਤਾਂ ਅਤੇ ਮਜਦੂਰਾਂ ਸਮੇਤ ਵੱਖ ਵੱਖ ਵਰਗਾਂ ਨੂੰ ਸਿੰਘੂ ਬਾਰਡਰ ਦੀ ਮਿੱਟੀ ਨਾਲ ਅਜਿਹਾ ਮੋਹ ਹੋ ਗਿਆ ਹੈ ਕਿ ਇਸ ਜਗ੍ਹਾ ਨੂੰ ਛੱਡਣ ਦੀ ਚਰਚਾ ਸੁਣਦਿਆਂ ਉਨ੍ਹਾਂ ਦੀਆਂ ਅੱਖਾਂ ਨਮ ਹੋ ਉੱਠਦੀਆਂ ਹਨ। ਹੁਣ ਜਦੋਂ ਖੇਤੀ ਕਾਨੂੰਨਾਂ ਦੀ ਵਾਪਿਸੀ ਲਈ ਅੱਜ ਪਾਰਲੀਮੈਂਟ ਦੀ ਮੋਹਰ ਲੱਗ ਜਾਣੀ ਹੈ ਤਾਂ ਆਖਿਰ ਘਰਾਂ ਨੂੰ ਪਰਤਣ ਦੀਆਂ ਗੱਲਾਂ ਵੀ ਤੁਰਨ ਲੱਗੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹਰ ਦਿਨ ਅਜਿਹਾ ਹੁੰਦਾ ਸੀ ਕਿ ਸਰਕਾਰ ਮੰਗਾਂ ਮੰਨੇ ਤਾਂ ਆਪਣੇ ਬਾਲ ਬੱਚਿਆਂ ਕੋਲ ਘਰ ਜਾਈਏ ਪਰ ਹੁਣ ਜਦੋਂ ਪੰਜਾਬ ਪਰਤਣ ਦਾ ਦਿਨ ਲਾਗੇ ਆਉਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਦਿਲ ਧੜਕਣ ਲੱਗਦਾ ਹੈ।
ਬਾਬੂਸ਼ਾਹੀ ਦੇ ਪੱਤਰਕਾਰ ਹਰਸ਼ਬਾਬ ਸਿੰਘ ਨੇ ਕਿਸਾਨਾਂ ਅਤੇ ਤੰਬੂਆਂ ’ਚ ਆਮ ਦੀ ਤਰਾਂ ਕੰਮ ਕਰ ਰਹੀਆਂ ਔਰਤਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਬੜਾ ਸਟੀਕ ਜਵਾਬ ਸੀ ਕਿ ਘਰ ਤਾਂ ਜਾਣਾ ਹੀ ਪਰ ਇਹ ਸੋਚਕੇ ਹੁਣ ਦਿਲ ’ਚ ਇੱਕ ਖੋਹ ਜਿਹੀ ਪੈਣ ਲੱਗ ਜਾਂਦੀ ਹੈ। ਹਰਸ਼ਬਾਬ ਦੱਸਦਾ ਹੈ ਕਿ ਇਹ ਗੱਲ ਤਾਂ ਕਦੇ ਉਸ ਨੇ ਵੀ ਨਹੀਂ ਸੋਚੀ ਸੀ ਕਿ ਇੱਕ ਦਿਨ ਅਜਿਹਾ ਹੋਵੇਗਾ ਕਿ ਲੱਖਾਂ ਦਾ ਇਕੱਠ ਥਾਂ ਨੂੰ ਸੁੰਨੀ ਕਰਕੇ ਚਲਾ ਜਾਏਗਾ। ਸਿੰਘ ਤੇ ਬੈਠੇ ਕਿਸਾਨ ਆਖਦੇ ਹਨ ਕਿ ‘ਦਿੱਲੀ ਮੋਰਚੇ’ ਦਾ ਇਹ ਪ੍ਰਤਾਪ ਹੀ ਹੈ ਜਿਸ ਨੇ ਭਾਰਤ ਦੇ ਵੱਖ ਵੱਖ ਰੰਗਾਂ ਦੇ ਕਿਸਾਨਾਂ ਦੀ ਜੱਫੀ ਪਵਾ ਦਿੱਤੀ ਹੈ । ਦੇਖਣ ’ਚ ਆਉਂਦਾ ਹੈ ਕਿ ਪੰਜਾਬ ਦੇ ਗੱਭਰੂਆਂ ਦਾ ਟੋਲਾ ਆਟਾ ਗੁੰਨ ਰਿਹਾ ਹੁੰਦਾ ਹੈ ਤਾਂ ਹਰਿਆਣਾ ਵਾਲੇ ਸਬਜ਼ੀ ਬਣਾ ਰਹੇ ਹੁੰਦੇ ਹਨ।
ਸਾਲ ਭਰ ਇੱਕ ਹੀ ਤੰਬੂ ’ਚ ਬੈਠਣਾ ,ਸੌਣਾ ਤੇ ਖਾਣਾ ਪੀਣਾ ਇੱਕ ਰਿਹਾ ਹੈ ਜਿਸ ਨੇ ਵੰਡੀਆਂ ਵਾਲੀ ਲਕੀਰ ਬੇਹੱਦ ਫਿੱਕੀ ਪਾ ਦਿੱਤੀ ਹੈ। ਸਬਜੀ ਕੱਟ ਰਹੀਆਂ ਔਰਤਾਂ ਦੱਸਦੀਆਂ ਹਨ ਕਿ ਜਦੋਂ ਮੋਰਚੇ ਤੋਂ ਵਿਹਲੀਆਂ ਹੋਕੇ ਸਭ ਇਕੱਠੀਆਂ ਬੈਠਦੀਆਂ ਹਨ ਤਾਂ ਭਾਵੁਕ ਸਾਂਝ ਦਾ ਮਾਹੌਲ ਬਣਦਾ ਹੈ। ਉਨ੍ਹਾਂ ਕਿਹਾ ਕਿ ਨੇਤਾਵਾਂ ਨੇ ਕੁਰਸੀ ਖਾਤਰ ਪੰਜਾਬ ਨੂੰ ਵੰਡ ਦਿੱਤਾ ਸੀ ਅਤੇ ਪਾਣੀਆਂ ਦੇ ਨਾਂ ’ਤੇ ਕੰਧਾਂ ਉਸਾਰ ਦਿੱਤੀਆਂ ਪਰ ਕਿਸਾਨੀ ਸੰਘਰਸ਼ ਨੇ ਮੁੜ ਤੋਂ ਦਿਲ ਜੋੜੇ ਹਨ। ਇੰਨ੍ਹਾਂ ਔਰਤਾਂਨੇ ਕਿਹਾ ਕਿ ਇਹ ਪਤਾ ਸੀ ਕਿ ਇੱਕ ਦਿਨ ਤਾਂ ਵਿਛੋੜੇ ਪੈਣਗੇ ਪਰ ਨੌਂਹਾਂ ਨਾਲੋਂ ਮਾਸ ਵੱਖ ਹੁੰਦਾ ਹੈ ਤਾਂ ਦਰਦ ਹੋਣਾ ਸੁਭਾਵਕ ਹੈ। ਉਨ੍ਹਾਂ ਦੱਸਿਆ ਕਿ ਇੱਥੇ ਬੈਠਿਆਂ ਹਬਿਆਣਾ,ਉੱਤਰ ਪ੍ਰਦੇਸ਼ ਅਤੇ ਸਥਾਨਕ ਵਾਸੀਆਂ ਤੋਂ ਇਲਾਵਾ ਮੁਲਕ ਦੇ ਵੱਖ ਵੱਖ ਸੂਬਿਆਂ ਤੋਂ ਆਏ ਲੋਕਾਂ ਵਿਚਕਾਰ ਭਾਈਚਾਰਾ ਬਣ ਗਿਆ ਹੈ।
ਸਿੰਘੂ ਬਾਰਡਰ ਤੇ ਬੈਠੀ ਬਜੁਰਗ ਕਰਨੈਲ ਕੌਰ ਨੇ ਕਿਹਾ ਕਿ ਸਾਲ ਭਰ ’ਚ ਬਣੇ ਰਿਸ਼ਤੇ ਵੱਖ ਵੱਖ ਹੋਣ ਲੱਗੇ ਹਨ ਤਾਂ ਦਿਲ ਡੁੱਬਣ ਲੱਗਦਾ ਹੈ ਪਰ ਇੱਕ ਖੁਸ਼ੀ ਵੀ ਹੈ ਕਿ ਰਿਸ਼ਤਿਆਂ ਨੇ ਇੱਥੋਂ ਜਿੱਤ ਦਾ ਝੰਡਾ ਬੁਲੰਦ ਕਰਕੇ ਜਾਣਾ ਹੈ। ਇਸ ਬਜ਼ੁਰਗ ਨੇ ਆਖਿਆ ਕਿ ਉਹ ਤਾਂ ਕਦੇ ਘਰ ਦੀ ਦਹਿਲੀਜ਼ ਨਹੀਂ ਟੱਪੀ ਸੀ ਪਰ ਮੋਦੀ ਸਰਕਾਰ ਨੇ ਸਾਰਾ ਮੁਲਕ ਵਿਖਾ ਦਿੱਤਾ ਹੈ ਜਿਸ ਤੋਂ ਵਿੱਛੜਨ ਦਾ ਮਲਾਲ ਆਖੀ ਸਾਹ ਤੱਕ ਰਹੇਗਾ। ਉਹ ਦੱਸਦਾ ਹੈ ਕਿ ਹਰਿਆਣਾ ਤੇ ਪੰਜਾਬ ਦੇ ਨਾਲ ਨਾਲ ਹੋਰ ਸੂਬਿਆਂ ਦੇ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਇੱਕੋ ਥਾਂ ਬੈਠ ਕੇ ਮੋਰਚੇ ਵਿੱਚ ਲੰਗਰ ਤਿਆਰ ਕਰਦੀਆਂ ਹਨ। ਕਿਸਾਨ ਘੋਲ ਦੀਆਂ ਸਟੇਜਾਂ ਤੋਂ ਸਾਰੇ ਸੂਬਿਆਂ ਦੇ ਕਿਸਾਨ ਆਗੂ ਬੋਲਦੇ ਹਨ। ਕਿਸਾਨਾਂ ਦਾ ਇੱਕੋ ਤਰਕ ਹੈ ਕਿ ਕਿਸਾਨ ਘੋਲ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਲੜੀ ਵਿਚ ਪਰੋ ਦਿੱਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਮੋਰਚਾ ਆਪਣੇ ਪਿੱਛੇ ਕਈ ਤਰਾਂ ਦੀਆਂ ਕੌਯੜੀਆਂ ਯਾਦਾਂ ਵੀ ਛੱਡ ਗਿਆ ਹੈ। ਉਨ੍ਹਾਂ ਦੇ ਦੇਖਦਿਆਂ ਹੀ ਦੇਖਦਿਆਂ 7 ਸੌ ਦੇ ਕਰੀਬ ਕਿਸਾਨ ਮਿੱਟੀ ਵਾਂਗ ਕਿਰ ਗਏ ਅਤੇ ਔਰਤਾਂ ਸਦਾ ਲਈ ਆਪਣਿਆਂ ਨੂੰ ਛੱਡਕੇ ਨਾਂ ਮੁੱਕਣ ਵਾਲੇ ਸਫਰ ਤੇ ਤੁਰ ਗਈਆਂ। ਉਨ੍ਹਾਂ ਹਿਾ ਕਿ ਇਹ ਦਿੱਲੀ ਮੋਰਚਾ ਹੈ ਜਿਸ ਨੇ ਸਿਆਸੀ ਲਾਣੇ ਨੂੰ ਵੀ ਸ਼ੀਸ਼ਾ ਦਿਖਾਇਆ ਹੈ ਕਿ ਹੁਣ ਧੱਕਾ ਕਰਨ ਦਾ ਵੇਲਾ ਗਿਆ। ਉਨ੍ਹਾਂ ਕਿਹਾ ਕਿ ਮੁਲਕ ਦਾ ਕਿਸਾਨ ਜਾਗ ਪਿਆ ਹੈ ਕਿ ਅਟਾਰੀ ਬੁਾਰਡਰ ਤੋਂ ਵੱਜੀ ਇੱਕ ਅਵਾਜ਼ ਨਾਲ ਬੰਗਾਲ ਤੋਂ ਲੈਕੇ ਮਹਾਂਰਸ਼ਟਰ ਸਮੇਤ ਸਮੂਹ ਸੂਬਿਆਂ ਦੇ ਕਿਸਾਨ ਵਹੀਰਾਂ ਘੱਤ ਕੇ ਪੁੱਜਿਆ ਕਰਨਗੇ। ਕਿਸਾਨ ਆਖਦੇ ਹਨ ਕਿ ਇਹ ਤਾਂ ਸਡਾ ਵਿਰਸਾ ਹੀ ਹੈ ਕਿ ਫਿਰ ਮਿਲਣ ਲਈ ਵਿਛੜਨਾ ਤਾਂ ਪੈਣਾ ਹੀ ਹੈ ਅਤੇ ਅੱਖਾਂ ਵੀ ਗਿੱਲੀਆਂ ਹੋਣਗੀਆਂ ਪਰ ਜਿੱਤ ਦਾ ਸਰੂਰ ਉਨ੍ਹਾਂ ਦੇ ਨਾਲ ਹੈ।