ਨਵੀਂ ਦਿੱਲੀ, 16 ਜੁਲਾਈ ਰਾਜਧਾਨੀ ਸਥਿਤ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ਵਿੱਚ ਦਾਖਲ ਇਕ ਮਰੀਜ਼ ਨੇ ਵੀਰਵਾਰ ਤੜਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ| ਦੱਖਣੀ ਦਿੱਲੀ ਦੇ ਪੁਲੀਸ ਅਧਿਕਾਰੀ ਅਤੁਲ ਠਾਕੁਰ ਨੇ ਦੱਸਿਆ ਕਿ ਖੁਦਕੁਸ਼ੀ ਦੀ ਜਾਣਕਾਰੀ ਤੜਕੇ 5 ਵਜੇ ਮਿਲੀ| ਖੁਦਕੁਸ਼ੀ ਕਰਨ ਵਾਲੇ ਦੀ ਪਛਾਣ ਰਾਜਮਣੀ ਪਟੇਲ (32) ਦੇ ਰੂਪ ਵਿੱਚ ਕੀਤੀ ਗਈ ਹੈ| ਉਹ ਹਸਪਤਾਲ ਵਿੱਚ ਕੁਝ ਦਿਨਾਂ ਤੋਂ ਦਾਖ਼ਲ ਸੀ ਅਤੇ ਉਸ ਨੇ ਬਾਥਰੂਮ ਦੀ ਖਿੜਕੀ ਦੀ ਗਰਿੱਲ ਨਾਲ ਕੱਪੜੇ ਦੇ ਸਹਾਰੇ ਲਟਕ ਕੇ ਖੁਦਕੁਸ਼ੀ ਕਰ ਲਈ|
ਉਨ੍ਹਾਂ ਨੇ ਦੱਸਿਆ ਕਿ ਰਾਜਮਣੀ ਮੱਧ ਪ੍ਰਦੇਸ਼ ਦੇ ਸਤਨਾ ਦਾ ਰਹਿਣ ਵਾਲਾ ਸੀ| ਪਿਛਲੇ ਸਾਲ ਉਸ ਦੀ ਅੰਤੜੀ ਦੀ ਸਰਜਰੀ ਹੋਈ ਸੀ ਅਤੇ ਮੁੜ ਇਸੇ ਸਿਲਸਿਲੇ ਵਿੱਚ ਇਲਾਜ ਲਈ ਏਮਜ਼ ਵਿੱਚ ਦਾਖਲ ਹੋਇਆ ਸੀ| ਦੇਰ ਰਾਤ ਉਹ ਗਾਇਬ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਭਾਲ ਕੀਤੀ ਗਈ| ਹਸਪਤਾਲ ਕਰਮੀਆਂ ਨੇ ਉਸ ਨੂੰ ਬਾਥਰੂਮ ਵਿੱਚ ਫਾਹੇ ਨਾਲ ਲਟਕਿਆ ਦੇਖਿਆ| ਉਸ ਨੂੰ ਤੁਰੰਤ ਐਮਰਜੈਂਸੀ ਵਾਰਡ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|