ਗੋਪਾਲਗੰਜ, 16 ਜੁਲਾਈ – ਬਿਹਾਰ ਇਸ ਸਮੇਂ ਦੋਹਰੀ ਮੁਸੀਬਤ ਨਾਲ ਜੂਝ ਰਿਹਾ ਹੈ| ਇਕ ਹੜ੍ਹ ਦਾ ਕਹਿਰ ਅਤੇ ਦੂਜੇ ਪਾਸੇ ਕੋਰੋਨਾ ਦੀ ਮਾਰ| ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਇਕ ਮਹੀਨੇ ਪਹਿਲਾਂ ਜਿਸ ਪੁਲ ਦਾ ਉਦਘਾਟਨ ਕੀਤਾ ਗਿਆ ਸੀ, ਉਸ ਦਾ ਇਕ ਹਿੱਸਾ ਢਹਿ ਗਿਆ ਹੈ| ਸੱਤਰਘਾਟ ਮਹਾਸੇਤੂ 264 ਕਰੋੜ ਦੀ ਲਾਗਤ ਨਾਲ ਬਣਿਆ ਸੀ| 16 ਜੂਨ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਤੋਂ ਵੀਡੀਓ ਕਾਨਫਰੈਂਸਿੰਗ ਕਰ ਕੇ ਪੁਲ ਦਾ ਉਦਘਾਟਨ ਕੀਤਾ ਸੀ| ਲੋਕਾਂ ਦਾ ਕਹਿਣਾ ਹੈ ਕਿ ਇਕ ਮਹੀਨੇ ਪਹਿਲਾਂ ਹੀ ਇਸ ਪੁਲ ਦਾ ਉਦਘਾਟਨ ਹੋਇਆ ਸੀ| ਪਾਣੀ ਦੇ ਜ਼ਿਆਦਾ ਦਬਾਅ ਕਾਰਨ ਪੁਲ ਟੁੱਟ ਗਿਆ ਹੈ| ਲੋਕਾਂ ਦੇ ਆਉਣ-ਜਾਣ ਦਾ ਲਿੰਕ ਖਤਮ ਹੋ ਗਿਆ ਹੈ| ਦੂਜੇ ਪਾਸੇ ਲੋਕਾਂ ਦਾ ਲਾਲਛਾਪਰ, ਮੁਜ਼ੱਫਰਪੁਰ, ਮੋਤਿਹਾਰੀ, ਬੇਤੀਆ ਜਾਣ ਦਾ ਲਿੰਕ ਬੰਦ ਹੋ ਗਿਆ ਹੈ| ਇਹ ਪੁਲ ਗੋਪਾਲਗੰਜ ਨੂੰ ਚੰਪਾਰਨ ਨਾਲ ਅਤੇ ਇਸ ਦੇ ਨਾਲ ਤਿਰਹੁਤ ਦੇ ਕਈ ਜ਼ਿਲ੍ਹਿਆਂ ਨੂੰ ਜੋੜਦਾ ਸੀ|
ਜਿਕਰਯੋਗ ਹੈ ਕਿ ਗੋਪਾਲਗੰਜ ਵਿੱਚ 3 ਲੱਖ ਤੋਂ ਵੱਧ ਕਿਊਸੇਕ ਪਾਣੀ ਦਾ ਵਹਾਅ ਸੀ| ਗੰਡਕ ਦੇ ਇੰਨੇ ਵੱਡੇ ਪਾਣੀ ਦੇ ਪੱਧਰ ਦੇ ਦਬਾਅ ਨਾਲ ਇਸ ਮਹਾਸੇਤੂ ਦਾ ਇਕ ਹਿੱਸਾ ਟੁੱਟ ਗਿਆ| ਇਸ ਪੁਲ ਦਾ ਨਿਰਮਾਣ ਬਿਹਾਰ ਪੁਲ ਨਿਰਮਾਣ ਵਿਭਾਗ ਵਲੋਂ ਕਰਵਾਇਆ ਗਿਆ ਸੀ| ਸਾਲ 2012 ਵਿੱਚ ਇਸ ਪੁਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ| ਨਿਰਮਾਣ ਪੂਰਾ ਹੋਣ ਤੋਂ ਬਾਅਦ ਪਿਛਲੇ 16 ਜੂਨ 2020 ਨੂੰ ਇਸ ਮਹਾਸੇਤੂ ਦਾ ਉਦਘਾਟਨ ਕੀਤਾ ਗਿਆ ਸੀ| ਇਸ ਘਟਨਾ ਤੇ ਰਾਜਦ ਨੇਤਾ ਤੇਜਸਵੀ ਯਾਦਵ ਨੇ ਟਵੀਟ ਕੀਤਾ ਹੈ| ਉਨ੍ਹਾਂ ਨੇ ਕਿਹਾ ਕਿ 8 ਸਾਲਾਂ ਵਿੱਚ 263.47 ਕਰੋੜ ਦੀ ਲਾਗਤ ਨਾਲ ਬਣੇ ਗੋਪਾਲਗੰਜ ਦੇ ਸੱਤਰਘਾਟ ਪੁਲ ਦਾ 16 ਜੂਨ ਨੂੰ ਨਿਤੀਸ਼ ਕੁਮਾਰ ਨੇ ਉਦਘਾਟਨ ਕੀਤਾ ਸੀ| 29 ਦਿਨ ਬਾਅਦ ਇਹ ਪੁਲ ਢਹਿ ਗਿਆ| ਖਬਰਦਾਰ! ਜੇਕਰ ਕਿਸੇ ਨੇ ਇਸ ਨੂੰ ਨਿਤੀਸ਼ ਦਾ ਭ੍ਰਿਸ਼ਟਾਚਾਰ ਕਿਹਾ ਤਾਂ? 263 ਕਰੋੜ ਤਾਂ ਸੁਸ਼ਾਸਨੀ ਮੂੰਹ ਦਿਖਾਈ ਹੈ| ਇੰਨੇ ਦੀ ਤਾਂ ਇਨ੍ਹਾਂ ਦੇ ਚੂਹੇ ਸ਼ਰਾਬ ਪੀ ਜਾਂਦੇ ਹਨ|