ਰਾਜਕੋਟ, 16 ਜੁਲਾਈ- ਗੁਜਰਾਤ, ਅਸਾਮ ਅਤੇ ਹਿਮਾਚਲ ਪ੍ਰਦੇਸ਼ ਵਿਚ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ| ਇਕ ਤੋਂ ਬਾਅਦ ਇਕ ਸੂਬਿਆਂ ਵਿੱਚ ਆਏ ਭੂਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ| ਸਵੇਰੇ-ਸਵੇਰੇ ਆਏ ਭੂਚਾਲ ਤੋਂ ਘਬਰਾਏ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਆਏ| ਗੁਜਰਾਤ ਵਿੱਚ ਭੂਚਾਲ ਦਾ ਕੇਂਦਰ ਰਾਜਕੋਟ ਸੀ, ਜੋ ਕਿ ਜ਼ਮੀਨ ਤੋਂ 10 ਕਿਲੋਮੀਟਰ ਡੂੰਘਾਈ ਵਿੱਚ ਸੀ| ਰਾਜਕੋਟ ਵਿਚ ਭੂਚਾਲ ਸਵੇਰੇ 7 ਵਜ ਕੇ 40 ਮਿੰਟ ਤੇ ਆਇਆ| ਇੱਥੇ ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ| ਅਸਾਮ ਵਿਚ ਭੂਚਾਲ ਦਾ ਕੇਂਦਰ ਕਰੀਮਗੰਜ ਜ਼ਿਲ੍ਹੇ ਵਿਚ ਜ਼ਮੀਨ ਤੋਂ 18 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ| ਉੱਥੇ ਭੂਚਾਲ ਦੇ ਝਟਕੇ ਸਵੇਰੇ 7 ਵਜ ਕੇ 57 ਮਿੰਟ ਤੇ ਮਹਿਸੂਸ ਕੀਤੇ ਗਏ| ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 4.1 ਮਾਪੀ ਗਈ|
ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਊਨਾ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਭੂਚਾਲ ਦਾ ਝਟਕੇ ਦਾ ਕੇਂਦਰ ਜ਼ਮੀਨ ਦੇ ਅੰਦਰ 10 ਕਿਲੋਮੀਟਰ ਤੇ ਸੀ| ਇੱਥੇ ਸਵੇਰੇ 4 ਵਜ ਕੇ 47 ਮਿੰਟ ਤੇ ਭੂਚਾਲ ਆਇਆ| ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 2.3 ਸੀ| ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਹੁਣੇ ਕੋਈ ਖਬਰ ਨਹੀਂ ਹੈ| ਜਿਕਰਯੋਗ ਹੈ ਕਿ ਦੇਸ਼ ਵਿੱਚ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ| ਦਿੱਲੀ, ਕਸ਼ਮੀਰ, ਮਿਜ਼ੋਰਮ ਵਰਗੀਆਂ ਥਾਵਾਂ ਤੇ ਬੀਤੇ ਦਿਨਾਂ ਵਿਚ ਕਈ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ|