ਖਾਦ ਤੇ ਰਸਾਇਣ ਮੰਤਰਾਲੇ ਦੇ ਖਾਦ ਵਿਭਾਗ ਦੇ ਇੱਕ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਇੰਡੀਅਨ ਪੋਟਾਸ਼ ਲਿਮਿਟਿਡ ਨੇ 18 ਮਈ 2020 ਤੋਂ ਪੋਟਾਸ਼ ਦੇ ਲੂਣ (Muriate) ਦੀ ਕੀਮਤ 19000 ਰੁਪਏ ਪ੍ਰਤੀ ਮੀਟ੍ਰਿਕ ਟਨ ਦੇ ਪੱਧਰ ਵਿੱਚ 75 ਰੁਪਏ ਪ੍ਰਤੀ ਥੈਲੇ ਦੇ ਹਿਸਾਬ ਨਾਲ ਘਟਾ ਕੇ 17500 ਰੁਪਏ ਪ੍ਰਤੀ ਮੀਟ੍ਰਿਕ ਟਨ ਕਰਨ ਦਾ ਫੈਸਲਾ ਕੀਤਾ ਹੈ। ਪੋਟਾਸ਼ ਦੇ ਲੂਣ (Muriate) ਨੂੰ ਪੋਟਾਸ਼ੀਅਮ ਕਲੋਰਾਈਡ ਵਜੋਂ ਵੀ ਜਾਣਿਆ ਜਾਂਦਾ ਹੈ, ਜਿਹੜਾ ਕਿ ਬੂਟੇ ਦੇ ਉਸਰਨ (ਗ੍ਰੋਥ) ਅਤੇ ਗੁਣਵੱਤਾ ਲਈ ਜ਼ਰੂਰੀ ਹੁੰਦਾ ਹੈ। ਇਹ ਪ੍ਰੋਟੀਨ ਅਤੇ ਸੂਗਰ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਪੌਧਿਆਂ ਦੇ ਜਲ ਤੱਤਾਂ ਨੂੰ ਬਣਾਈ ਰੱਖ ਕੇ ਖੁਰਾਕ ਵਿਰੋਧੀ ਤੱਤਾਂ ਤੋਂ ਬਚਾਉਂਦਾ ਹੈ, ਜਿਹੜਾ ਕਿ ਫੋਟੋਸਿੰਥੈਸਿਸ ਲਈ ਲਾਭਕਾਰੀ ਹੁੰਦਾ ਹੈ, ਜਿਵੇਂ ਪੱਤੇ ਆਪਣੀ ਬਣਤਰ ਅਤੇ ਤਾਕਤ ਬਣਾਈ ਰੱਖਦੇ ਹਨ।
ਕੰਪਨੀ ਨੇ ਕਿਹਾ ਹੈ ਕਿ ਕੀਮਤ ਵਿੱਚ ਇਹ ਕਟੌਤੀ ਕਿਸਾਨਾਂ ਲਈ ਕੀਤੀ ਗਈ ਹੈ, ਜਦੋਂਕਿ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਪਿਛਲੇ ਇੱਕ ਸਾਲ ਤੋਂ ਕਾਫੀ ਕਮਜ਼ੋਰ ਪਿਆ ਹੈ ਤੇ ਐੱਮਓਪੀ ‘ਤੇ ਸਰਕਾਰੀ ਸਬਸਿਡੀ ਵਿੱਚ ਇੱਕ ਅਪ੍ਰੈਲ 2020 ਤੋਂ 604 ਰੁਪਏ ਪ੍ਰਤੀ ਮੀਟ੍ਰਿਕ ਟਨ ਦੀ ਕਟੌਤੀ ਕੀਤੀ ਗਈ ਹੈ।
ਇੰਡੀਅਨ ਪੋਟਾਸ਼ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਪੀ.ਐੱਸ.ਗਹਿਲੋਤ ਨੇ ਕਿਹਾ, ”ਅਸੀਂ ਸਚਮੁਚ ਮਹਿਸੂਸ ਕਰਦੇ ਹਾਂ ਕਿ ਇਸ ਉਪਰਾਲੇ ਨਾਲ ਖਾਦ ਦੀ ਵਰਤੋਂ ਵਿੱਚ ਸੰਤੁਲਨ ਬਣੇਗਾ, ਜਿਹੜਾ ਕਿ ਇਕੱਲਾ ਅਜਿਹਾ ਰਾਹ ਹੈ, ਜਿਸ ਨਾਲ ਭਾਰਤ ਸਰਕਾਰ ਦਾ ਕਿਸਾਨਾਂ ਦੀ ਖਾਦਾਂ ‘ਤੇ ਲਾਗਤ ਘਟਾਉਣ ਅਤੇ ਖੇਤੀ ਉਤਪਾਦ ਵਧਾਉਣ ਦਾ ਟੀਚਾ ਪੂਰਾ ਕਰੇਗਾ।” ਉਨ੍ਹਾਂ ਕਿਹਾ ਕਿ ਕੰਪਨੀ ਹਮੇਸ਼ਾ ਹੀ ਖਾਦਾਂ ਦੇ ਵਿਗਿਆਨਕ ਤੇ ਸੁਯੋਗ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਹੱਕ ਵਿੱਚ ਰਹੀ ਹੈ।
ਕੇਂਦਰੀ ਰਸਾਇਣ ਤੇ ਖਾਦ ਮੰਤਰੀ, ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਡਾਕਟਰ ਪੀ.ਐੱਸ. ਗਹਿਲੋਤ ਨੂੰ ਅਤੇ ਇੰਡੀਅਨ ਪੋਟਾਸ਼ੀਅਮ ਲਿਮਿਟਿਡ ਦੀ ਮੈਨੇਜਮੈਂਟ ਨੂੰ ਇਸ ਲੋੜ ਦੀ ਘੜੀ ਵਿੱਚ ਕਿਸਾਨਾਂ ਦੀ ਮਦਦ ਲਈ ਚੁੱਕੇ ਗਏ ਇਸ ਵੱਡੇ ਕਦਮ ਲਈ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ”ਕੋਵਿਡ-19 ਦੇ ਦੌਰ ਵਿੱਚ ਐੱਮਓਪੀ ਦੀ ਕੀਮਤ ‘ਚ ਕਟੌਤੀ ਨਾਲ ਛੋਟੇ ਤੇ ਗ਼ਰੀਬ ਕਿਸਾਨਾਂ ਨੂੰ ਵੱਡਾ ਫਾਇਦਾ ਪੁੱਜੇਗਾ। ਘੱਟ ਇਨਪੁਟ ਲਾਗਤ ਨਾਲ ਖੇਤੀ ਉਤਪਾਦਨ ਵਧੇਗਾ ਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।”