ਬਗਹਾ, 10 ਜੁਲਾਈ -ਬਿਹਾਰ ਵਿੱਚ ਪੱਛਮੀ ਚੰਪਾਰਨ ਜ਼ਿਲ੍ਹੇ ਵਿੱਚ ਲੌਕਰੀਆ ਥਾਣਾ ਖੇਤਰ ਵਿੱਚ ਭਾਰਤ-ਨੇਪਾਲ ਸਰਹੱਦ ਨਾਲ ਲੱਗਦੇ ਵਾਲਮੀਕਿ ਟਾਈਗਰ ਰਿਜ਼ਰਵ ਦੇ ਸੰਘਣੇ ਜੰਗਲਾਂ ਵਿੱਚ ਅੱਜ ਤੜਕੇ ਪੁਲੀਸ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ 4 ਨਕਸਲੀ ਮਾਰੇ ਗਏ| ਪੁਲੀਸ ਸੂਤਰਾਂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਵਾਲਮੀਕਿ ਟਾਈਗਰ ਰਿਜ਼ਰਵ ਸੰਘਣੇ ਜੰਗਲਾਂ ਵਿੱਚ ਨਕਸਲੀ ਲੁਕੇ ਹੋਏ ਹਨ| ਇਸੇ ਆਧਾਰ ਤੇ ਬਗਹਾ ਦੇ ਪੁਲੀਸ ਸੁਪਰਡੈਂਟ ਧਰਮੇਂਦਰ ਕੁਮਾਰ ਝਾਅ ਦੀ ਅਗਵਾਈ ਵਿੱਚ ਵਿਸ਼ੇਸ਼ ਕਾਰਜ ਫੋਰਸ (ਐਸ.ਟੀ.ਐਫ.) ਅਤੇ ਹਥਿਆਰਬੰਦ ਸਰਹੱਦੀ ਫੋਰਸ (ਐਸ.ਐਸ.ਬੀ.) 21ਵੀਂ ਬਟਾਲੀਅਨ ਦੇ ਜਵਾਨਾਂ ਦੀ ਸਾਂਝੀ ਟੀਮ ਤਿੰਨ ਦਿਨਾਂ ਤੋਂ ਸਰਚ ਆਪਰੇਸ਼ਨ ਚੱਲਾ ਰਹੀ ਸੀ|
ਸੂਤਰਾਂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਅੱਜ ਤੜਕੇ ਲੌਕਰੀਆ ਥਾਣਾ ਖੇਤਰ ਦੇ ਚਰਪਨੀਆ ਨੇੜੇ ਸੰਘਣੇ ਜੰਗਲਾਂ ਵਿੱਚ ਲੁਕੇ ਨਕਸਲੀਆਂ ਅਤੇ ਪੁਲੀਸ ਦਰਮਿਆਨ ਮੁਕਾਬਲਾ ਹੋ ਗਿਆ| ਪੁਲੀਸ ਨੂੰ ਦੇਖਦੇ ਹੀ ਨਕਸਲੀਆਂ ਨੇ ਗੋਲੀਆਂ ਚਲਾਈਆਂ| ਜਵਾਬੀ ਕਾਰਵਾਈ ਵਿੱਚ ਪੁਲੀਸ ਨੇ ਵੀ ਗੋਲੀਆਂ ਚਲਾਈਆਂ, ਜਿਸ ਵਿੱਚ 4 ਨਕਸਲੀ ਢੇਰ ਹੋ ਗਏ| ਮੌਕੇ ਤੇ ਪੁਲੀਸ ਨੇ ਤਿੰਨ ਐਸ.ਐਲ.ਆਰ. ਸਮੇਤ ਚਾਰ ਹਥਿਆਰ ਬਰਾਮਦ ਕੀਤੇ ਹਨ| ਕੁਝ ਨਕਸਲੀ ਸੰਘਣੇ ਜੰਗਲ ਵਿੱਚ ਫਰਾਰ ਹੋ ਗਏ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਸਰਚ ਮੁਹਿੰਮ ਜਾਰੀ ਹੈ| ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਨਕਸਲੀਆਂ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ| ਨੇਪਾਲ ਸਰਹੱਦ ਨਾਲ ਲੱਗਦੇ ਪੂਰੇ ਜੰਗਲ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ| ਨਕਸਲੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ|