ਸ਼ਿਲਾਂਗ, 30 ਸਤੰਬਰ – ਮੇਘਾਲਿਆ ਵਿੱਚ ਇਕ ਬੱਸ ਦੇ ਨਦੀ ਵਿੱਚ ਡਿੱਗਣ ਨਾਲ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 16 ਵਿਅਕਤੀ ਜ਼ਖਮੀ ਹੋ ਗਏ। ਇਹ ਬੱਸ ਵੈਸਟ ਗਾਰੋ ਹਿੱਲਜ਼ ਜ਼ਿਲ੍ਹਾ ਹੈੱਡਕੁਆਰਟਰ ਦੇ ਤੁਰਾ ਤੋਂ ਰਾਜਧਾਨੀ ਸ਼ਿਲਾਂਗ ਵੱਲ ਜਾ ਰਹੀ ਸੀ। ਈਸਟ ਗਾਰੋ ਹਿੱਲਜ਼ ਜ਼ਿਲ੍ਹੇ ਦੇ ਪੁਲੀਸ ਮੁਖੀ ਬਰੂਨੋ ਸੰਗਮਾ ਨੇ ਦੱਸਿਆ ਕਿ ਬੱਸ ਡਰਾਈਵਰ ਦੇ ਕੰਟਰੋਲ ਗੁਆ ਦੇਣ ਦੀ ਵਜ੍ਹਾ ਨਾਲ ਇਹ ਹਾਦਸਾ ਵਾਪਰਿਆ।
ਪੁਲੀਸ ਮੁਖੀ ਨੇ ਦੱਸਿਆ ਕਿ ਬੱਸ ਅੰਦਰ ਫਸੇ ਵਿਅਕਤੀਆਂ ਨੂੰ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਗਈ ਹੈ। ਇਹ ਹਾਦਸਾ ਬੀਤੀ ਦੇਰ ਰਾਤ ਹੋਇਆ ਜਦੋਂ ਬੱਸ ਪੁਲ ਤੋਂ ਤਿਲਕ ਕੇ ਈਸਟ ਗਾਰੋ ਹਿੱਲਜ਼ ਅਤੇ ਵੈਸਟ ਖਾਸੀ ਹਿੱਲਜ਼ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਨੋਂਗਚਰਾਮ ਦੀ ਰਿੰਗੜੀ ਨਦੀ ਵਿੱਚ ਡਿੱਗਣ ਕਾਰਨ ਚਾਰ ਯਾਤਰੀਆਂ ਦੀ ਮੌਤ ਹੋ ਗਈ। ਸੰਗਮਾ ਨੇ ਕਿਹਾ ਕਿ ਅਜੇ ਇਹ ਪਤਾ ਨਹੀਂ ਲੱਗਿਆ ਕਿ ਬੱਸ ਅੰਦਰ ਕਿੰਨੇ ਯਾਤਰੀ ਮੌਜੂਦ ਹਨ। ਫਸੇ ਹੋਏ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀ ਯਾਤਰੀਆਂ ਨੂੰ ਰੋਂਗਜੇਂਗ ਪੀ. ਐੱਸ. ਸੀ. ਅਤੇ ਵਿਲੀਅਮਨਗਰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।