ਚੰਡੀਗੜ੍ਹ, 12 ਜੁਲਾਈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ, ਉਥੇ ਹੀ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਲਗਾਤਾਰ ਕਾਰਜ਼ਸ਼ੀਲ ਹੈ। ਅਸ਼ੀਰਵਾਦ ਫਾਰ ਅਨੁਸੂਚਿਤ ਜਾਤੀਆਂ ਸਕੀਮ ਅਧੀਨ ਸਾਲ 2023-24 ਦੇ ਅਨੁਸੂਚਿਤ ਜਾਤੀ ਦੇ ਕੁੱਲ 6314 ਲਾਭਪਾਤਰੀਆਂ ਨੂੰ 32.20 ਕਰੋੜ ਰੁਪਏ ਦੀ ਰਾਸ਼ੀ ਸਾਲ 2024-25 ਦੇ ਬਜਟ ਉਪਬੰਧ ਵਿੱਚੋਂ ਜਾਰੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਬਰਨਾਲਾ, ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਮਲੇਰਕੋਟਲਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਅਨੁਸੂਚਿਤ ਜਾਤੀਆਂ ਦੇ 6314 ਲਾਭਪਾਤਰੀਆਂ ਲਈ 32.20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਰਾਸ਼ੀ ਵਿੱਚ ਸਾਲ 2023-24 ਦੌਰਾਨ ਅਨੁਸੂਚਿਤ ਜਾਤੀਆਂ ਦੇ ਅਸ਼ੀਰਵਾਦ ਪੋਰਟਲ ਤੇ ਪ੍ਰਾਪਤ ਕੁੱਲ 6314 ਲਾਭਪਾਤਰੀਆਂ ਨੂੰ ਕਵਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ 01, ਫਰੀਦਕੋਟ ਦੇ 482, ਗੁਰਦਾਸਪੁਰ ਦੇ 757, ਹੁਸ਼ਿਆਰਪੁਰ ਦੇ 1356, ਮਲੇਰਕੋਟਲਾ ਦੇ 253, ਮੋਗਾ ਦੇ 817, ਸ੍ਰੀ ਮੁਕਤਸਰ ਸਾਹਿਬ ਦੇ 935, ਸੰਗਰੂਰ ਦੇ 854 ਅਤੇ ਤਰਨਤਾਰਨ ਦੇ 859 ਲਾਭਪਾਤਰੀ ਨੂੰ ਕਵਰ ਕੀਤਾ ਗਿਆ ਹੈ।